Monday, December 6, 2010

ਵੇ ਕਮਲਿਆ.....

ਵੇ ਕਮਲਿਆ(ve kamlia)...by harman

ਸਿਆਲ ਦੀ ਕੋਸੀ ਕੋਸੀ ਧੁੱਪ...ਓਹ ਰੋਜ਼ ਵਾਂਗ ਆਪਣੇ ਘਰ ਦੇ ਬਗੀਚੇ 'ਚ ਮਹਿਕੀਲੇ ਗੁਲਾਚੀਨ ਦੀ ਬਗਲੇ ਬੈਠਾ ਆਪਣਾ ਲਿਖਣ ਪੜ੍ਹਨ ਦਾ ਕੰਮ ਕਰ ਰਿਹਾ ਹੈ..ਬੜੇ ਆਰਾਮ ਨਾਲ..ਓਹ ਦਿਨੇ ਸੂਰਜ ਦੀ ਲੋਅ ਦੀ ਅਰਾਧਨਾ ਕਰਦਾ..ਰਾਤੀਂ ਚਾਨਣੀ ਦੀ ਬੁੱਕਲੇ ਵੜਦਾ..ਖੈਰ !! ਕੋਲ ਕਿਆਰੀਆਂ ਵਿੱਚ ਰੰਗ-ਸੁਰੰਗੇ ਝੂਮਦੇ ਫੁੱਲ...ਸਦਾਬਹਾਰ,ਗੁਲਦਾਉਦੀ,ਪੰਜ-ਪਤੀਆ ,ਗੁਲਸ਼ਰ੍ਫੀ,ਗੁਲਾਬ,ਡੇਲੀਆ...ਤੇ ਹੋਰ ਪਤਾ ਨੀ ਕੇਹੜੀਆਂ ਕੇਹੜੀਆਂ ਭਾਂਤ ਭੰਤੀਲੀਆਂ ਵੰਨਗੀਆਂ..ਅਮਰੂਦਾਂ ਤੇ ਜਾਮਣ ਦੇ ਫਲਾਂ ਲੱਦੇ ਬੂਟੇ..ਨਟਖਟ ਤੋਤੇ...ਰੰਗੀਨ ਜਾਦੂਮਈ ਤਿਤਲੀਆਂ..ਜਿਵੇਂ ਫੁੱਲਾਂ 'ਤੇ ਆਪਣੇ ਸਾਰੇ ਰੰਗ ਲੁਟਾ ਦੇਣਾ ਚਾਹੁੰਦੀਆਂ ਹੋਣ ਇੱਕ ਮਿਠਾਸ ਦੇ ਵਾਸਤੇ...ਖੂਬਸੂਰਤ ਮਾਹੌਲ...!!! ਨੇੜੇ ਖੜੇ ਸਾਗਵਾਨ ਦੇ ਵੱਡੇ ਵੱਡੇ ਪੱਤੇ ਬੜੇ ਖਾਮੋਸ਼ ਜਿਹੇ..ਸੋਗਵਾਨ ਜਿਹੇ ਜਿਵੇਂ ਹਵਾ ਨੂੰ ਕੋਈ ਪੁਰਾਣੀ ਦਰਦਮਈ ਬਾਤ ਸੁਣਾ ਰਹੇ ਹੋਣ..ਤਾਂ ਹੀ ਪੌਣ ਵੀ ਸੁੰਨ..ਅਡੋਲ..ਅਹਿੱਲ..!! ਗਹਿਰੀ ਚੁੱਪ ਪਸਰੀ ਹੋਈ ਤੇ ਕਾਲੀਆਂ ਚਿੜੀਆਂ ਓਸ ਚੁੱਪ ਨਾਲ ਮਿੱਠੇ ਮਿੱਠੇ ਸੰਵਾਦ ਰਚਾ  ਰਹੀਆਂ ਨੇ...!!!

ਬੂਹੇ 'ਤੇ ਠਕ ਠਕ ਹੋਈ..ਤਾਰਾ ਨਾਂ ਦੀ ਕੁੜੀ ਬਾਹਰ  ਖੜੀ ਹੈ ਤੇ ਕੁਝ ਗੁਣਗੁਣਾ ਰਹੀ ਹੈ-''ਓਹਦੀ ਉਮਰੋਂ ਮੱਤ ਸਿਆਣੀ ਨੀ..ਓਹ ਅਮਲਤਾਸ ਦੀ ਟਾਹਣੀ ਨੀ..ਓਹ ਪੰਜ ਦਰਿਆ ਦਾ ਪਾਣੀ ਨੀ..ਗਿਆ ਵਾਂਗ ਪਤਾਸੇ ਖੋਰ ਮਾਏ..ਮੈਨੂੰ ਓਹਦੇ ਸੰਗ ਹੀ ਤੋਰ ਮਾਏ''....ਓਹਨੂੰ ਵੇਖਦਿਆਂ ਹੀ ਚੁੱਪ ਕਰ ਜਾਂਦੀ ਹੈ...ਓਹੀ ਰੂਹ ਜੇਹੜੀ ਉਸਨੂੰ ਉਲਝੀ ਉਲਝੀ ਸੁਲਝਣ ਤੇ ਸੁਲਝੀ ਸੁਲਝੀ ਉਲਝਣ ਜਾਪਦੀ ਹੈ ਅਕਸਰ..ਅੱਜ ਜੀਹਦੇ ਹਲਕੇ ਨੀਲੇ ਨੈਣਾਂ ਵਿੱਚ ਥੋੜੀ ਸੰਜੀਦਗੀ ਝਲਕ ਰਹੀ ਹੈ..ਹਮੇਸ਼ਾ ਖੁਸ਼ੀ ਨਾਲ ਗਦ ਗਦ ਚੇਹਰਾ ਰੱਖਣ ਵਾਲੀ..ਮਟਕਦੀ ਤੋਰ ਵਾਲੀ..ਖੁੱਲ੍ਹੇ ਰੇਸ਼ਮੀ ਵਾਲਾਂ ਵਾਲੀ..ਓਹਦੀ ਠੋਡੀ 'ਤੇ ਥੋੜਾ ਜਿਹਾ ਡੂੰਘ ਬੜਾ ਪਿਆਰਾ ਲਗਦਾ ਸੀ...ਐਸੀ ਕੁੜੀ ਕਿ ਕੋਈ ਵੀ ਓਹਦਾ ਤਸਵੁਰ ਕਰੇ ਤਾਂ ਓਹਨੂੰ ਅੱਖਾਂ ਅੱਗੇ ਸੂਹੇ ਗੁੰਚੇ ਖਿੜੇ ਨਜ਼ਰੀਂ ਆਉਣ ਲੱਗਣ..ਤੇ ਅੱਜ ਖੌਰੇ ਕੇਹੜਾ ਫੁੱਲਾਂ ਦਾ ਮਹਿਕਦਾ ਜੰਗਲ ਨਾਲ ਲੈ ਕੇ ਆਈ ਏ...ਦੋਵੇਂ ਬੈਠ ਜਾਂਦੇ ਨੇ..ਓਹ ਸਾਦਾ ਪਾਣੀ ਪੀਂਦੀ ਹੈ..ਖਾਲੀ ਪੀਂਦੀ ਹੀ ਨਹੀਂ ਜਿਵੇਂ ਮਾਣ ਰਹੀ ਹੋਵੇ..ਖੌਰੇ ਓਹਨੂੰ ਕੈਸਾ ਸਵਾਦ ਆ ਰਿਹਾ ਫੋਕੇ ਪਾਣੀ 'ਚੋਂ...ਜੀਕਣ ਕਿਸੇ  ਮਿੱਠਾ ਸੰਦਲੀ ਸ਼ਰਬਤ ਪੇਸ਼ ਕਰ ਦਿੱਤਾ ਹੋਵੇ...ਕੁਝ ਸਮਾਂ ਦੋਵੇਂ ਚੁੱਪ ਰਹੇ..ਘਾਅ ਦੇ ਤਿਣਕੇ ਨਾਲ ਖੇਡਾਂ ਜਿਹੀਆਂ ਖੇਡਣ ਲੱਗੀ..ਤੇ ਫੇਰ ਓਹ ਚੁੱਪ ਨੂੰ ਤੋੜਦੀ ਬੋਲਣ ਲਗਦੀ ਹੈ :-
ਸਾਰਾ ਦਿਨ ਉਦਾਸ..ਚੁੱਪ ਚਾਪ..ਗੁੰਮਸੁੰਮ ਰਹਿਣੈਂ....ਜਦੋਂ ਬੁਲਾਵਾਂ ਬੱਸ ਹਾਂ-ਹੂੰ ਕਰਕੇ ਟਾਲ ਜਿਹਾ ਦਿੰਨੈਂ....ਆਖਿਰ ਤੈਨੂੰ ਹੋਇਆ ਕਿ ਹੈ..??  ਤੁਸੀਂ ਪੜ੍ਹਨ ਲਿਖਣ ਵਾਲੇ ਲੋਕ ਆਪਣੇ ਆਪ ਨੂੰ ਸਮਝਦੇ ਕਿ ਹੁੰਨੇ ਹੋਂ..?? ਬਹੁਤੇ ਸਿਆਣੇ ?? ਦਾਨਸ਼ਮੰਦ ??
ਵੱਡੇ ਆਏ ਬੁੱਧੀਜੀਵੀ....(ਤਾਰਾ ਮੰਦ ਮੰਦ ਮੁਸਕਾ ਵੀ ਰਹੀ ਸੀ ਤੇ ਓਹ ਨੀਵੀਂ ਪਾਈ ਬੈਠਾ ਹੈ)
ਤੁਸੀਂ ਬਹੁਤ ਵੱਡੇ ਭੁਲੇਖਿਆਂ 'ਚ ਵਿਚਰਨ ਵਾਲੇ ਲੋਕ ਹੋਂ...ਮੂਰਖ ਲੋਕ...ਓਹ ਕੁਝ ਬੋਲਣ ਲਗਦਾ ਹੈ ਪਰ ਤਾਰਾ ਓਹਨੂੰ ਪਹਿਲਾਂ ਹੀ ਰੋਕਦੀ ਹੋਈ ਕਹਿੰਦੀ ਹੈ :- ਨਾ..ਨਾ..ਮੈਨੂੰ ਨਹੀਂ ਪਤਾ ਤੇਰੀਆਂ ਦਲੀਲਾਂ ਦਾ ਤੇ ਮੈਨੂੰ ਨਾ ਫਸਾ ਸ਼ਬਦਾਂ ਦੇ ਜਾਲ 'ਚ..ਮੈਨੂੰ ਨਹੀਂ ਆਉਂਦਾ ਸ਼ਬਦਾਂ ਨਾਲ ਖੇਡਣਾ...ਵੇ ਕਮਲਿਆ ਥੋੜਾ ਹੱਸ ਖੇਡ ਵੀ ਲਿਆ ਕਰ...ਸਾਰਾ ਦਿਨ ਆਹ ਉਦਾਸੀ ਨੂੰ ਗਲਵੱਕੜੀ ਪਾਈ ਰਖਦਾ ਏਂ..ਆਖਿਰ ਕੀ ਦਿੰਦੀ ਹੈ ਇਹ ਤੈਨੂੰ...ਤੈਨੂੰ ਭੋਰਾ ਭੋਰਾ ਕਰਕੇ ਖਾ ਰਹੀ ਹੈ ਨਿਸ-ਦਿਨ ਘੁਣ ਵਾਂਗਰ...ਵੇਖ ਕਿੱਦਾਂ ਦਾ ਮੂੰਹ ਬਣਾਇਆ !!! ਵੇ ਨਾ ਐਨਾ ਸੋਚਿਆ ਕਰ..ਕੁਛ ਗੱਲਾਂ ਸਿਰ ਉੱਪਰੋਂ ਦੀ ਲੰਘ ਜਾਣੀਆਂ ਹੀ ਚੰਗੀਆਂ ਹੁੰਦੀਆਂ ਨੇ ਪਾਗਲਾ..ਸਾਰਾ ਦਿਨ ਆਹ ਟੁੱਟੇ ਜਿਹੇ ਕੈਪ ਵਾਲੇ ਪੈੱਨ ਨਾਲ ਅਸ਼ੋਕਾ ਟ੍ਰੀ ਥੱਲੇ ਬੈਠਾ ਪਤਾ ਨੀਂ ਕੀ ਕੀ ਵਾਹੁੰਦਾ ਰਹਿੰਦਾ ਏਂ........(ਓਹ ਜ਼ਰਾ ਕੁ ਮੁਸਕਾਇਆ ਓਹਦੇ ਭੋਲੇਪਣ 'ਤੇ).ਜੇ ਹਵਾਵਾਂ,ਫੁੱਲਾਂ,ਪੱਤੀਆਂ,ਚੰਨ,ਸਿਤਾਰਿਆਂ ਕੋਲੋਂ ਵਿਹਲ ਮਿਲੇ ਤਾਂ ਏਸ ਵਿਚਾਰੀ ਤਿੱਤਲੀ ਦੀ ਵੀ ਸੁਣ ਲਿਆ ਕਰ ਕਿਵੇਂ ਸਾਰਾ ਦਿਨ ਤੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਏ..ਮੰਡਰਾਉਂਦੀ  ਰਹਿੰਦੀ ਏ...ਤੇ ਤੂੰ ਹੈਂ ਕਿ ਨਿਮ੍ਹਾ ਜਿਹਾ ਮੁਸਕਾ ਛੱਡਦਾ ਏਂ ਬੱਸ...ਕਦੇ ਖਿਆਲਾਂ 'ਚੋਂ ਨਿੱਕਲਕੇ ਤੇਰੇ ਸਾਂਵੇ ਤੁਰੀ ਫਿਰਦੀ ਖਾਬਾਂ-ਮੱਤੀ ਹਕੀਕਤ ਦੇ ਨੈਣਾਂ ਦੀ ਇਬਾਰਤ ਵੀ ਪੜ੍ਹ ਲਿਆ ਕਰ...ਭੈੜਿਆ !! ਵੇ ਮੈਂ ਤੇਰੇ ਦੋ ਮਿੱਠੇ ਬੋਲਾਂ ਦੀ ਮੁਥਾਜ...ਬੋਲ ਛੱਡਿਆ ਕਰ ਨਾ...!!!!!!!
ਚੱਲ ਤੂੰ ਲਿਖ..ਰੱਜ ਕੇ ਲਿਖ ਪਰ ਹਰ ਵੇਲੇ ਏਦਾਂ ਉੱਖੜਿਆ ਜਿਹਾ ਨਾ ਰਿਹਾ ਕਰ..ਪਤਾ ਨੀਂ ਕਿਓਂ ਆਪਣੇ ਆਪ 'ਤੇ ਵੀ ਗੁੱਸਾ ਜਿਹਾ ਆਉਣ ਲਗਦੈ...ਕਦੇ ਕਦੇ ਤਾਂ ਤੇਰੇ ਨਾਲ ਕੋਈ ਗੱਲ ਕਰਨ ਤੋਂ ਵੀ ਡਰ ਲਗਦਾ..ਸੌ ਸੌ ਵਾਰ ਸੋਚਣਾ ਪੈਂਦਾ...ਤੇ ਅੱਜ ਮੈਨੂੰ ਬੋਲ ਲੈਣ ਦੇ ਭੋਲਿਆ....ਮੇਰੀਆਂ ਵੀ ਰੀਝਾਂ ਨੇ..ਮੇਰੀ ਵੀ ਚੁੰਨੀ ਉੱਡੁੰ ਉੱਡੁੰ ਕਰਦੀ ਏ....ਮੇਰੀਆਂ ਵੰਗਾਂ ਵੀ ਛਣਕਾਰ ਲੋਚਦੀਆਂ ਨੇ ਚੱਤੋ-ਪਹਿਰ...ਮੇਰੇ ਵੀ ਸੁਪਨੇ ਨੇ ਜਿਨ੍ਹਾਂ 'ਚ ਕਿਸੇ ਨੇ ਰੰਗ ਭਰਨਾ ਹੈ ਤੇ ਇਹ ਰੰਗ ਕੀਹਨੇ ਭਰਨਾ ਹੈ ਇਹ ਤੂੰ ਸੋਚ...!!! ਮੈਨੂੰ ਪਤਾ ਤੂੰ ਮੇਰਾ ਮੋਹ ਵੀ ਬੜਾ ਕਰਦੈਂ...ਪਰ ਸੱਜਣ ਜੀਓ ਇਸ ਝੱਲੀ ਤਾਰਾ ਨਾਲ ਦੋ ਬੋਲ ਪਿਆਰ ਦੇ ਸਾਂਝੇ ਕਰ ਲਿਆ ਕਰੋ...ਇਹ ਨਿੱਕੜੀ ਨਿਮਾਣੀ ਜਿੰਦ ਨਾਲ ਦੋ ਬਾਤਾਂ ਪਿਆਰ ਦੀਆਂ ਪਾ ਲਿਆ ਕਰੋ...ਕੁਛ ਪੁੱਛ ਲਿਆ ਕਰੋ..ਕੁਛ ਦੱਸ ਦਿਆ ਕਰੋ...ਵੇਖਿਓ ਸਹੀ ਤੁਹਾਡਾ ਕਿੰਨਾ ਦਿਲ ਲਗਾਵਾਂਗੀ...ਤੇ ਹਾਂ ਮੈਂ ਵੀ ਤੁਹਾਡੀਆਂ ਕਵਿਤਾਂ ਤੋਂ ਘੱਟ ਦਿਲਚਸਪ ਨਹੀਂ(ਤਾਰਾ ਜ਼ਰਾ ਚੇਹਰੇ 'ਤੇ ਕਿਸੇ ਭੋਲੇ ਜਿਹੇ ਹੰਕਾਰ ਦੇ ਚਿੰਨ੍ਹ ਉਘਾੜਦੀ ਹੈ)........
ਵੇ ਚੁੱਪ ਦਿਆ ਆਸ਼ਕਾ ਤੂੰ ਜਦੋਂ ਚਾਵੇਂ,ਜਿੱਥੇ ਚਾਵੇਂ ਮੈਨੂੰ ਮਨਜ਼ੂਰ ਪਰ ਮੈਨੂੰ ਮਿਲ ਜ਼ਰੂਰ ਲਿਆ ਕਰ.....ਤੇਰੀ ਅਦਨਾ ਜਿਹੀ ਪਾਰਸ-ਛੂ ਹੀ ਮੇਰਾ ਪਰਮ-ਆਨੰਦ ਹੈ...ਮੇਰੀ ਲਹਿਲਾਉਂਦੀ ਰੀਝ ਹੈ..ਮੇਰੀ ਨੂਰੀ ਤਮੰਨਾ...ਇੱਕ ਮਿੱਠੀ ਬਰਕਤ...!!!!
ਖੁਸ਼ ਰਿਹਾ ਕਰ ਮੇਰੇ ਦੋਸਤ...ਇਹ ਹੰਝੂ ਜਿੰਦ ਖੋਰ ਦਿੰਦੇ ਨੇ...ਤੂੰ ਬੱਸ ਹੱਸਦਾ ਰਿਹਾ ਕਰ..ਤੈਨੂੰ ਨੀ ਪਤਾ ਤੂੰ ਹੱਸਦਾ ਕਿੰਨਾ ਪਿਆਰਾ ਲਗਦਾ ਏਂ...ਤੇ ਮੈਨੂੰ ਕਿੰਨਾ ਸਕੂਨ ਮਿਲਦਾ ਹੈ..ਅੱਛਾ ਚੱਲ ਹੁਣ ਜ਼ਰਾ ਹੱਸ ਕੇ ਵਿਖਾ..ਚੱਲ...ਹੱਸ...ਹੱਸ...ਹੱਸ ਨਾ...ਓਹਨੂੰ ਥੋੜਾ ਝੰਜੋੜਦੀ ਬੋਲ ਰਹੀ ਹੈ...ਹੱਸ ਪੈ ਮੇਰੀਏ ਸਹੇਲੀਏ...ਓਹ ਥੋੜਾ ਜਿਹਾ ਹੱਸ ਕੇ ਓਹਦੀ ਰੀਝ ਪੂਰੀ ਕਰਦੈ....ਹਾਏ ਮੈਂ ਮਰ'ਜਾਂ !! ਕਿੰਨਾ ਸੋਹਨਾ ਲਗਦੈਂ...ਏਦਾਂ ਹੀ ਖੁਸ਼ ਖੁਸ਼ ਰਿਹਾ ਕਰ.......ਤੇਰੇ ਲਈ ਸਭ ਕੁਝ ਹਾਜ਼ਿਰ ਮਹਿਰਮਾ...!! ਬੱਸ ਹਾਸੇ ਬਿਖੇਰਦਾ ਰਹਿ.....!! ਓਹ ਤਾਰਾ ਦੇ ਹੱਥ 'ਤੇ  ਹੱਥ ਰੱਖਕੇ ਓਹਨੂੰ ਕੋਈ ਢਾਰਸ ਜਿਹਾ ਦਿੰਦੈ...ਤਾਰਾ ਖੁਸ਼ੀ 'ਚ ਖੀਵੀ ਹੋ ਜਾਂਦੀ ਏ ਪਰ ਚੇਹਰੇ ਤੋਂ ਪਤਾ ਨੀਂ ਲੱਗਣ ਦਿੰਦੀ...ਨੇੜੇ ਕਿਸੇ ਡੇਰੇ 'ਚੋਂ ਆਵਾਜ਼ਾਂ ਆਉਂਦੀਆਂ ਨੇ ਸ਼ਾਇਦ ਕਿਸੇ ਦੋ ਦਿਲਵਾਲਿਆਂ ਦੀ ਯਾਦ 'ਚ ਕੋਈ ਮੇਲਾ ਲੱਗਾ ਸੀ -''ਨਾ ਓਹਦੇ ਜੇਡ ਤਬੀਬ ਕੋਈ ਓਹਦੀ ਛੋਹ ਜਾਪੇ ਦੁੱਖ-ਭੰਜਨ ਨੀ..ਓਹ ਲਾਂਭੇ ਭੈੜੀ ਮਾਇਆ ਤੋਂ..ਜਿਓਂ ਅੰਜਨ ਵਿਚ ਨਿਰੰਜਨ ਨੀਂ..ਅਸਾਂ ਬਿਰਤੀ ਓਹਦੇ ਨਾਮ ਕਰੀ ਓਹ ਅਰਸ਼ੋਂ ਆਈ ਸੌਗਾਤ ਕੁੜੇ..ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...

ਮੈਨੂੰ ਪਤੈ ਕਿੰਨੀਆਂ ਚੁਸਤ ਚਲਾਕ ਕੁੜੀਆਂ ਤੈਨੂੰ ਆਪਣੇ ਜਾਲ 'ਚ ਫਸਾਉਣ ਲਈ ਤਰਲੋਮੱਛੀ ਹੋ ਰਹੀਆਂ ਨੇ..ਕਿੰਨੇ ਕਲੋਲ ਕਰਦੀਆਂ ਨੇ...ਬਚਕੇ ਰਹੀਂ ਮੇਰੇ ਕਮਲਿਆ...ਤੇਰਾ ਹਰ ਦਮ ਭਲਾ ਲੋਚਦੀ ਆਂ...ਤੈਨੂੰ ਬਹੁਤ ਵੱਡਾ ਸ਼ੌਹਰਤਮੰਦ ਆਦਮੀ ਬਣਿਆ ਵੇਖਣਾ ਚਾਹੁੰਦੀ ਹਾਂ..ਤੇਰੇ ਹਾਸਿਆਂ 'ਚ ਹੱਸਣਾ ਚਾਹੁੰਦੀ ਹਾਂ..ਤੇਰੀ ਉਦਾਸੀ ਪੀ ਜਾਣੀ ਹੈ ਮੈਂ...ਤੂੰ ਖੌਰੇ ਕੀਹਦਾ ਮਨ-ਮੇਲੀ ਬਣਿਆ ਬੈਠਾ ਹੈਂ....ਹਾਂ , ਇੱਕ ਰਾਤ ਮੈਨੂੰ ਸੁਪਨਾ ਜਰੂਰ ਆਇਆ ਸੀ...ਤੂੰ ਕੁਛ ਲਿਖ ਰਿਹਾ ਸੀ ਜਿਵੇਂ ਅਕਸਰ ਲਿਖਦੈਂ...ਐਥੇ ਹੀ ਬੈਠਾ ਸੈਂ ਜਿੱਥੇ ਹੁਣ ਆਪਾਂ ਬੈਠੇ ਆਂ...ਪਰ ਉਸ ਦਿਨ ਕੁਝ ਖਾਸ ਸੀ...ਤੂੰ ਜਦ ਪੈੜ ਚਾਲ ਸੁਣਕੇ ਜ਼ਰਾ ਸਿਰ ਉਠਾਇਆ ਤਾਂ ਮੈਨੂੰ ਵੇਖਕੇ ਤੇਰੀਆਂ ਅੱਖਾਂ 'ਚ ਅਜੀਬ ਚਮਕ ਜਿਹੀ ਆ ਗਈ...ਤੂੰ ਹੋਰ ਜਿਵੇਂ ਸਭ ਕੁਝ ਭੁੱਲ ਗਿਆ ਸੀ..ਤੇਰੇ ਵਰਕੇ ਹਵਾ 'ਚ ਉੱਡ ਰਹੇ ਸੀ ਤੇ ਤੂੰ ਓਹਨਾਂ ਨੂੰ ਇਕੱਠੇ ਕਰਨਾ ਕੋਈ ਖਾਸ ਜ਼ਰੂਰੀ ਨਾ ਸਮਝਿਆ..ਉੱਠ ਕੇ ਮੇਰੇ ਕੋਲ ਆਇਆ ਤੇ ਨੀਝ ਲਾਕੇ ਵੇਂਹਦਾ ਹੀ ਰਿਹਾ...ਤੇਰੀ ਓਹ ਹਰਕਤ ਆਖਰ ਕੀ ਸੀ ???? ਹਾਂ , ਸੱਚ ਮੈਂ ਆਪਣਾ ਮਨਪਸੰਦ ਦਾ ਫਿਰੋਜ਼ੀ ਰੰਗ ਦਾ ਸ਼ੀਸ਼ਿਆਂ ਵਾਲਾ ਸੂਟ ਪਾਇਆ ਹੋਇਆ ਸੀ..ਜਿਓਂ ਹੀ ਤਾਰਾ ''ਮਨਪਸੰਦ ਦਾ ਫਿਰੋਜ਼ੀ ਰੰਗ ਦਾ ਸ਼ੀਸ਼ਿਆਂ ਵਾਲਾ ਸੂਟ'' ਸ਼ਬਦ ਬੋਲਦੀ ਹੈ ਤਾਂ ਓਹਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਤੇ ਹੋਰ ਵੀ ਗਹੁ ਨਾਲ ਤਾਰਾ ਦੀਆਂ ਗੱਲਾਂ ਸੁਨਣ ਲਗਦਾ ਏ...''ਕਦੋ ਆਇਆ ਸੀ ਤੈਨੂੰ ਇਹ ਸੁਪਨਾ ?'' ਓਹ ਪੁਛਦਾ ਏ....ਇਹੀ ਬੱਸ ਦੋ ਕੁ ਦਿਨ ਪੁਰਾਣੀ ਗੱਲ ਹੈ...ਪਰ ਕਿਓਂ ? ''ਨਹੀਂ ਬੱਸ ਐਵੇਂ ਈ..'' ਓਹ ਕਹਿੰਦਾ ਏ..ਹੁਣ ਓਹਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਏ... ਜੇ ਮੇਰੀ ਓਹ ਫੱਬਣੀ ਤੈਨੂੰ ਐਨਾ ਭਾਉਂਦੀ ਏ..ਜੇ ਓਸ ਸੂਟ ਦੇ ਸ਼ੀਸ਼ਿਆਂ 'ਚ ਹੀ ਕੋਈ ਰਾਜ਼ ਹੈ ਜੋ ਤੈਨੂੰ ਸਕੂਨ ਦਿੰਦੈ ਤਾਂ ਮੈਨੂੰ ਦੱਸ ਦੇ ਕਮਲਿਆ ਮੈਂ ਸਾਰੀ ਉਮਰ ਓਹੋ ਸੂਟ ਪਾ ਕੇ ਨਾ ਰੱਖਾਂ ਤਾਂ ਮੇਰਾ ਨਾਂ ਵੀ ਤਾਰਾ ਨੀਂ...!! 
ਤੈਨੂੰ ਨੀਂ ਪਤਾ ਮੈਂ ਤੇਰੀ ਨਿੱਕੀ ਨਿੱਕੀ ਆਦਤ ਤੋਂ ਨਾ-ਵਾਕਿਫ਼ ਨਹੀ...ਸ਼ਾਇਦ ਓਨਾ ਤੂੰ ਆਪਣੇ ਆਪ ਨੂੰ ਨੀਂ ਜਾਣਦਾ ਜਿੰਨਾ ਤੈਨੂੰ ਮੈਂ ਜਾਣਦੀ ਹਾਂ...ਮੈਨੂੰ ਪਤੈ ਤੈਨੂੰ ਬਹੁਤੀ ਸਫਾਈ ਪਸੰਦ ਨੀਂ...ਤੂੰ ਆਪਣੀਆਂ ਚੀਜ਼ਾਂ ਖਿੰਡਾ ਕੇ ਰਖਦਾ ਏਂ..ਹੋਰ ਤਾਂ ਕੀ ਕਰੇਂਗਾ ਤੂੰ ਆਪਣੀਆਂ ਕਵਿਤਾਵਾਂ ਵੀ ਇੱਕ ਜਗ੍ਹਾ ਨੀਂ ਰੱਖੀਆਂ...ਕੋਈ ਕਿਤੇ ਤੇ ਕੋਈ ਕਿਤੇ...ਹਾਂ ਤੈਨੂੰ ਝਾੜੂ ਲਗਾਉਣਾ ਬੜਾ ਪਸੰਦ ਹੈ...ਮੈਨੂੰ ਪਤਾ ਤੂੰ ਪੂਰੀ ਬਾਜੂ ਵਾਲੇ ਕਮੀਜ਼ ਨੂੰ ਬਿਨਾ ਬਾਂਹਾਂ ਉੱਪਰ ਚਾੜ੍ਹੇ ਪਹਿਨ ਨੀਂ ਸਕਦਾ...ਮੈਨੂੰ ਪਤਾ ਤੂੰ ਕਾਲੇ ਰੰਗ ਨੂੰ ਬੜਾ ਪਿਆਰ ਕਰਦੈਂ...ਚਿੜੀਆਂ ਤੇ ਬਿੱਲੀਆਂ ਨਾਲ ਓਹਨਾਂ ਦੀ ਭਾਸ਼ਾ 'ਚ ਗੱਲਾਂ ਕਰਦੈਂ...ਕੋਠੇ ਚੜ੍ਹਕੇ ਭਗਵੀਆਂ ਬੱਦਲੀਆਂ ਵੇਖਣ ਦਾ ਸ਼ੌਕੀਨ ਏਂ...ਦੂਰ ਨੀਲੱਤਣਾਂ 'ਤੇ ਉਡਦੇ ਪੰਛੀਆਂ ਦੀ 'ਡਾਰ ਦੇ ਪੰਛੀ ਬੜੇ ਚਾਅ ਨਾਲ ਗਿਣਦਾ ਏਂ...ਔਰਤ ਜ਼ਾਤ ਨੂੰ ਸਜਦਾ ਕਰਦਾ ਨੀਂ ਥੱਕਦਾ..ਤੂੰ ਨਿੱਕੇ ਨਿੱਕੇ ਬਾਲਾਂ ਨਾਲ ਬੜਾ ਖੇਡਦੈਂ..ਤੂੰ ਅੰਮੀ,ਬਾਪੂ ਜੀ ਤੇ ਭੈਣ ਸਰਘੀ ਦਾ ਬੜਾ ਮੋਹ ਕਰਦੈਂ...ਤੈਨੂੰ 'ਛ' ਨੂੰ 'ਸ਼' ਬੋਲਣ ਵਾਲਿਆਂ ਤੋਂ ਬੜੀ ਚਿੜ੍ਹ ਹੈ...(ਓਹ ਹੱਕਾ ਬੱਕਾ ਹੋਇਆ ਤਾਰਾ ਦੇ ਚੇਹਰੇ ਵੱਲ ਵੇਖ ਰਿਹਾ ਹੈ)......ਏਦਾਂ ਕੀ ਵੇਖਦਾ ਏਂ ਇਹ ਤਾਂ ਕੁਝ ਵੀ ਨੀਂ....ਬੜੀਆਂ ਗੱਲਾਂ ਨੇ ਸ਼ਾਇਰ ਸਾਹਬ..ਓਹ ਹੱਸਦੀ ਹੈ......!!
ਤੂੰ ਬੜਾ ਭੋਲਾ ਜਿਹਾ ਏਂ...ਕਮਲਿਆ ਕੀ ਦੱਸਾਂ ਐਸਾ ਨਿਹੁੰ ਲੱਗਾ ਤੇਰੇ ਨਾਲ ਕਿ ਤੇਰੇ ਨੇੜੇ ਆਇਆਂ ਜਿਵੇਂ ਮੌਸਮ ਹੀ ਬਦਲ ਜਾਂਦੈ..ਚਾਰੇ ਪਾਸੇ ਨਸ਼ੀਲੀਆਂ ਪੌਣਾਂ ਵਗਣ ਲਗਦੀਆਂ ਨੇ..ਜਾਦੂਗਰ ਹੈਂ ਕੋਈ ਤੂੰ ਤਾਂ..!! ਤੂੰ ਅਨਜਾਨ ਨੀਂ ਜਾਣਦਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆਂ...ਤੇਰੀ ਖੈਰ ਮੰਗਦੀ ਹਾਂ ਸੁਭਾ-ਸ਼ਾਮ...ਓਹ ਦੋਵੇਂ ਨੀਚੇ ਬੈਠੇ ਨੇ ਹਰੇ ਘਾਅ 'ਤੇ..ਤਾਰਾ ਕੂਲੇ ਘਾਅ ਤੇ ਹੱਥ ਫ਼ਰਦੀ ਗੱਲਾਂ ਕਰ ਰਹੀ ਏ....ਤੇ ਓਹ ਚੁੱਪਚਾਪ ਬੈਠਾ ਸੁਣ ਰਿਹਾ....ਬਨੇਰੇ 'ਤੇ ਬੈਠਾ ਇੱਕ ਬ੍ਲ੍ਹੂੰਗੜਾ ''ਮਿਆਊਂ ਮਿਆਊਂ'' ਕਰ ਰਿਹਾ....ਕਿੰਨਾ ਭੋਲਾ ਜਿਹਾ ਹੈ ਨਾ ਬਿਲਕੁਲ ਤੇਰੇ ਵਰਗਾ....ਓਹ ਥੋੜਾ ਜਿਹਾ ਹੱਸ ਪੈਂਦਾ ਹੈ....!!!
ਮੈਨੂੰ ਪਤੈ ਤੂੰ ਮਰਜ਼ੀ ਦਾ ਮਾਲਕ ਹੈਂ ਤੇ ਮੇਰੀ ਵੀ ਤਬੀਅਤ ਕੁਝ ਏਦਾਂ ਦੀ ਹੀ ਹੈ...ਤੇ ਕੁਛ ਤੇਰੀ ਸੰਗਤ ਦਾ ਅਸਰ...ਮੈਂ ਤੈਨੂੰ ਕਦੇ ਲੁਕ ਲੁਕ ਨੀਂ ਵੇਖਦੀ...ਜਦੋਂ ਮੇਰਾ ਦਿਲ ਕਰਦਾ ਝੱਟ ਤੇਰੇ ਮੂਹਰੇ ਬੈਠ ਜਾਨੀ ਆਂ ਤੇ ਤੈਨੂੰ ਤੱਕਦੀ ਆਂ ਰੱਜ ਰੱਜ ਕੇ...ਤੇ ਤੂੰ ਹੈਂ ਕਿ ਬੱਸ ਚੇਹਰੇ 'ਤੇ ਹਲਕੇ ਜਿਹੇ ਭਾਵ ਉਘਾੜ ਲੈਂਦਾ ਏਂ...ਤੈਨੂੰ ਵੇਖ ਕੇ ਤਾਂ ਮੇਰੀ ਭੁੱਖ ਤ੍ਰੇਹ ਨੂੰ ਜਿਵੇ ਖੰਭ ਹੀ ਲੱਗ ਜਾਂਦੇ ਨੇ ਖੌਰੇ ਕਿਥੇ ਉੱਡ ਜਾਂਦੀ ਏ....ਤੇ ਫਿਰ ਗਾਉਣ ਲਗਦੀ ਹੈ ਹੌਲੀ ਹੌਲੀ - ''ਚੰਨ ਦਾ ਚਾਨਣ ਘੋਲ ਪਿਲਾਵਾਂ..ਮੱਥੇ ਧੁੱਪ ਦਾ ਟਿੱਕਾ ਲਾਵਾਂ..ਪੰਖੜੀਆਂ ਦੀ ਸੇਜ ਵਿਛਾਵਾਂ..ਪਰ ਹੰਝ ਹੋਰ ਨਾ ਡੋਲ੍ਹ ਸੱਜਣ...ਤੂੰ ਕੁਝ 'ਤੇ ਮੂੰਹੋਂ ਬੋਲ ਸੱਜਣ....!!! ਓਹ ਇੱਕ ਲੰਬਾ ਸਾਹ ਲੈਂਦਾ ਹੈ ਤੇ ਫੇਰ ਚੁੱਪ 'ਚ ਖੋ ਜਾਂਦਾ....
ਤੇਰੇ ਨਾਲ ਪਿਆਰ ਕਰਕੇ..ਤੈਨੂੰ ਪਾ ਕੇ  ਮੈਂ ਹੋਰ ਦੀ ਹੋਰ ਹੋ ਗਈ ਹਾਂ..ਮੇਰੇ ਨਿਸ-ਦਿਨ ਵਟਦੇ ਜਾਂਦੇ ਰੰਗ ਦੀ ਪਹੇਲੀ ਦਾ ਜਵਾਬ ਤੂੰ ਹੀ ਤਾਂ ਏਂ ਗੂੰਗਿਆ(ਤਾਰਾ ਹੁਣ ਜ਼ਰਾ ਨੀਵੀਂ ਪਾਕੇ ਗੱਲ ਕਰ ਰਹੀ ਏ)...ਤੈਨੂੰ ਪਹਿਲੀ ਵਾਰ ਵੇਖਕੇ ਹੀ ਕਿਸੇ ਆਪਣੇਪਨ ਦਾ ਅਹਿਸਾਸ ਹੋਇਆ ਸੀ ਮੈਨੂੰ...ਰੰਗਾਂ ਵਿੱਚ ਭਿੱਜ ਗਈ ਸੀ ਮੈਂ..ਗੜੁੱਚ ਹੋ ਗਈ ਸਾਂ...ਤੇ ਹਾਂ ਓਹ ਹੋਰ ਲੋਕ ਹੋਣਗੇ ਜੋ ਪਿਆਰ 'ਚ ਪਾਗਲ ਹੋਕੇ ਆਪਣਿਆਂ ਨੂੰ ਵਿਸਾਰ ਦਿੰਦੇ ਨੇ...ਘਰ ਵਾਲਿਆਂ ਨਾਲ ਨਫਰਤਾਂ ਪਾਲ ਲੈਂਦੇ ਨੇ....ਸਭ ਕੁਝ ਭੁੱਲ ਜਾਂਦੇ ਨੇ....ਪਰ ਤੇਰੇ ਨਾਲ ਪਿਆਰ ਕਰਕੇ ਮੇਰੇ 'ਚ ਅਜੀਬ ਤਬਦੀਲੀਆਂ ਆਈਆਂ ਨੇ ਮੂਰਖਾ....ਮੇਰਾ ਹਰ ਕੰਮ 'ਚ ਦਿਲ ਲਗਦਾ ਹੁਣ....ਅੰਮੀ ਨਾਲ ਘਰ ਦੇ ਨਿੱਕੇ ਨਿੱਕੇ ਕੰਮ ਬੜੇ ਚਾਅ ਨਾਲ ਕਰਾਉਂਦੀ ਹਾਂ ਹੁਣ...ਬਾਪੁ ਜੀ ਨਾਲ ਵੀ ਨੀਂ ਕਿਸੇ ਗੱਲ 'ਤੇ ਖਹਿਬੜਦੀ..ਬੜੀ ਲੜਾਕੀ ਹੁੰਦੀ ਸਾਂ ਤੂੰ ਣੀ ਜਾਣਦਾ(ਥੋੜਾ ਹੱਸਕੇ ਬੋਲਦੀ ਹੈ).......ਤੇ ਨਿੱਕੇ ਵੀਰ ਨੂੰ ਓਹਦੇ ਸਕੂਲ ਦਾ ਕੰਮ ਬੜੀ ਖੁਸ਼ੀ ਨਾਲ ਕਰਾਉਂਦੀ ਹਾਂ...ਹਰ ਰਿਸ਼ਤਾ ਮੈਨੂੰ ਹੋਰ ਵੀ ਪਾਕ ਲੱਗਣ ਲੱਗਾ ਏ..ਅਲੋਕਾਰੀ ਸਮਝਾਂ..ਮੈਨੂੰ ਸਭ ਕੁਝ ਸੋਹਣਾ ਲਗਦਾ...ਮੈਂ ਹਰ ਮਨ ਨੂੰ ਪਿਆਰ ਕਰਦੀ ਹਾਂ..ਹਰ ਰੂਹ ਨੂੰ...ਵੇ ਪਿਆਰ ਦਾ ਤਾਂ ਮਤਲਬ ਹੀ ਬਹੁਤ ਪਿਆਰ ਹੁੰਦਾ..ਬਹੁਤ ਪਿਆਰ...ਇੰਤਹਾ ਪਿਆਰ...ਹੱਦਾਂ ਤੋਂ ਪਰ੍ਹੇ....ਪਿਆਰ ਤਾਂ ਹਮੇਸ਼ਾ ਸੁੱਖ ਲੈਂਦਾ ਲੁਟਾਂਦਾ ਹੈ...ਸਭ ਦੀ ਖੈਰ ਮੰਗਦਾ..ਹਾਂ ਨਾਲੇ ਮੈਨੂੰ ਐਰੀ ਗੈਰੀ ਨਾ ਜਾਣੀਂ...ਤੇਰੇ ਤੋਂ ਘੱਟ ਸਿਆਣੀ ਨੀਂ...ਓਹ ਤਾਰਾ ਦੇ ਮੁੱਖ ਵੱਲ ਝਾਕਦਾ ਹੈ...ਮੇਰੇ ਦੋਸਤਾ ਇਹ ਵੀ ਤੇਰੀ ਹੀ ਬਖਸ਼ਿਸ਼ ਹੈ..ਤੇਰੇ ਵੱਲ ਵੇਖਦਿਆਂ ਅਜੀਬ ਸੋਝੀਆਂ ਮੱਥੇ ਵੜਨ ਲਗਦੀਆਂ ਨੇ...ਬੱਸ ਤੈਨੂੰ ਰੱਜ ਕੇ ਵੇਖਣਾ ਚਾਹੁੰਦੀ ਹਾਂ..ਤੇਰੇ ਕੰਮ ਆਉਣਾ ਚਾਹੁੰਦੀ ਹਾਂ...ਤੇ ਹਾਂ ਹੋਰਾਂ ਵਾਂਗ ਮੈਂ ਆਪਣੇ ਪਿਆਰਿਆਂ ਨੂੰ ਵਿਆਹ ਵਗੈਰਾ ਜਿਹੇ ਬੰਧਨਾਂ 'ਚ ਜ਼ੋਰੀਂ ਬੰਨ੍ਹਣਾ ਨੀਂ ਲੋਚਦੀ...ਜੋ ਹੋ ਰਿਹਾ ਹੋ ਮਾਣਦੀ ਹਾਂ...ਬੱਸ ਤੈਨੂੰ ਖੁਸ਼ ਵੇਖਣਾ ਚਾਹੁੰਦੀ ਹਾਂ...ਤੇਰੇ ਆਸ-ਪਾਸ ਰਹਿਣਾ ਚਾਹੁੰਦੀ ਹਾਂ ਬੱਸ....ਤੂੰ ਕਿਤੇ ਵੀ ਚਲਾ ਜਾਏਂ ਮੈਂ ਸਦਾ ਤੇਰੇ ਅੰਗ ਸੰਗ ਰਹਾਂਗੀ ਤੇਰੀ ਤਾਰਾ...ਇਹ ਪਿਆਰ ਤਾਂ ਸਾਰੇ ਬਰਿਹਮੰਡ ਨੂੰ ਕਲਾਵੇ 'ਚ ਲਈ ਲੈਂਦਾ ਹੈ...ਮੈਂ ਕਦੇ ਤੰਗ ਵਿਰਲਾਂ ਥਾਣੀਂ ਨੀਂ ਝਾਕਦੀ...ਕਿਸੇ ਉੱਚੀ ਜਗ੍ਹਾ ਖਲੋਕੇ ਮੰਜ਼ਰ ਵੇਖਣ ਵਾਲੀ ਹਾਂ...ਤੈਨੂੰ ਵੇਖ ਵੇਖ ਕੇ ਐਨੀ ਕੁ ਤਾਂ ਸਿਆਣੀ ਹੋ ਹੀ ਗਈ ਆਂ...ਵੇ ਪਿਆਰ 'ਤੇ ਕੀਹਦਾ ਜ਼ੋਰ ਚਲਦਾ ਤੇ ਨਾ ਇਹ ਵਿਚਾਰਾ ਕੋਈ ਜ਼ੋਰ ਪਾਂਦਾ ਏ...ਪਿਆਰ ਤਾਂ ਬੂਟੇ ਵਾਂਗਰਾਂ ਦਿਲਾਂ 'ਚ ਪਲਦਾ ਹੈ ਬੱਸ ਤੇ ਬੋਹੜਾਂ-ਪਿੱਪਲਾਂ ਵਾਂਗ ਛਾਵਾਂ ਕਰਦਾ ਜਾਂਦੈ ਦਿਲਬਰਾਂ ਦੀ ਦੀਆਂ ਜ਼ਿੰਦਗੀਆਂ 'ਚ...ਹਮੇਸ਼ਾ ਜਾਂ ਨਿਸਾਰ ਕਰਨ ਦਾ ਹੀਆ ਬਖਸ਼ਦਾ ਏ...ਹਾਂ , ਮੇਰੀ ਐਨੀ ਕੁ ਜ਼ਿੱਦ ਜ਼ਰੂਰ ਹੈ ਕਿ ਦੋ ਬੋਲ ਮੇਰੇ ਨਾਲ ਪਿਆਰ ਦੇ ਬੋਲ ਲਿਆ ਕਰ ਤੇ ਥੋੜਾ ਹੱਸ ਲਿਆ ਕਰ....''ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦੈ''.....ਹੱਸ ਲਿਆ ਕਰ ਮਰਜਾਣਿਆ ਚੰਗਾ ਲਗਦੈਂ...ਕਮਲਾ ਜਿਹਾ........!! 
ਮੈਂ ਹਰ ਚੀਜ਼ ਨਾਲ ਗੱਲਾਂ ਕਰ ਸਕਦੀ ਆਂ ਹੁਣ...ਕੱਲ੍ਹ ਦੀ ਗੱਲ ਹੈ ਮੈਂ ਵੇਹੜੇ 'ਚ ਬੈਠੀ ਝੁਮਕਾ ਵੇਲ ਨਾਲ ਕਿੰਨੀਆਂ ਹੀ ਗੱਲਾਂ ਕੀਤੀਆਂ...ਤੇਰੀਆਂ ਤੇ ਮੇਰੀਆਂ...ਸੱਚ ਦੱਸਾਂ ਓਹ ਮੇਰੀ ਹਰ ਗੱਲ ਦਾ ਹੁੰਗਾਰਾ ਭਰ ਰਹੀ ਸੀ..ਮੈਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀ..ਹੁਣ ਤਾਂ ਸਿਖਰ ਦੁਪਹਿਰਾਂ ਤੇ ਸੰਧੂਰੀ ਸ਼ਾਮਾਂ ਮੇਰੇ ਕੋਲੋਂ ਤੇਰਾ ਹਾਲ ਚਾਲ ਪੁੱਛਦੀਆਂ ਨੇ ਹਰ ਰੋਜ਼..ਵਾਕਈ ਇਹ ਪਿਆਰ ਕੁਦਰਤ ਨਾਲ ਗੱਲਾਂ ਕਰਨਾ ਸਿਖਾ ਜਾਂਦਾ ਚੁੱਪ ਚਪੀਤੇ....!!! ਮੇਰੀ ਇੱਕ ਦਿਲੀ ਖਾਹਿਸ਼ ਹੈ ਚੰਨ ਦੀ ਚਾਨਣੀ 'ਚ ਭਿੱਜਦੇ ਹੋਏ ਕਿਸੇ ਮਹਿਕੀਲੇ ਬਿਰਖ ਥੱਲੇ ਬੈਠੀ ਮੈਂ ਤੇਰੇ ਸਿਆਹ ਕਾਲੇ ਵਾਲਾਂ 'ਚ ਹੱਥ ਫੇਰਾਂ.....ਤੇ ਤੂੰ..(ਓਹ ਡਾਢੀ ਖਾਹਿਸ਼ਮੰਦ ਹੋਕੇ ਬੋਲ ਰਹੀ ਏ)...ਤੂੰ ਮਿੱਠੀਆਂ ਮਿੱਠੀਆਂ  ਗੱਲਾਂ ਕਰਦਾ ਘੂਕ ਸੌਂ ਜਾਵੇਂ...ਤੇ ਮੈਂ ਹੌਲੇ ਜਿਹੇ ਤੇਰਾ ਮੱਥਾ ਚੁੰਮ ਲਾਂ...!!!
ਪਤੈ ਤੇਰੀਆਂ ਕਵਿਤਾਵਾਂ ਨੂੰ ਤੇਰੇ ਗੀਤਾਂ ਨੂੰ ਕਿੱਦਾਂ ਹਿੱਕ ਨਾਲ ਲਾ ਕੇ ਰਖਦੀ ਆਂ...ਹਮੇਸ਼ਾ ਮੇਰੇ ਅੰਗ ਸੰਗ ਹੁੰਦੀਆਂ ਨੇ ਇਹ....ਵੇਖੀਂ ਇੱਕ ਦਿਨ ਇਹਨਾਂ ਨੂੰ ਮਿੱਠੀਆਂ ਮਿੱਠੀਆਂ ਤੇ ਦਰਦਮਈ ਆਵਾਜ਼ਾਂ ਮਿਲਣਗੀਆਂ...ਤੂੰ ਕਿਵੇਂ ਲਿਖ ਲੈਨਾ ਏਂ ਐਨਾ ਕੁਛ...ਮੈਥੋਂ ਤਾਂ ਨਾ ਲਿਖਿਆ ਜਾਵੇ ਜ਼ਰਾ ਹੱਥ ਹਿਲਾਉਂਦੀ ਕਹਿੰਦੀ ਹੈ....
ਇਹ ਤੇਰੀ ਲੋਹੜਿਆਂ ਦੀ ਚੁੱਪ ਆਖਰ ਕਹਿੰਦੀ ਕਿ ਹੈ....ਏਹਦੇ ਪਿੱਛੇ ਕਿ ਰਾਜ਼ ਏ ?? ਓਹ ਉੱਪਰ ਆਸਮਾਂ ਵੱਲ ਵੇਖਦਾ ਤੇ ਅੱਖਾਂ ਮੀਟ ਕੇ ਗਾਉਣ ਲਗਦਾ ਏ....
                                                                     ''ਮੁੱਦਤ ਤੋਂ ਸਾਡੀ ਰੂਹ ਉਦਾਸੀ..
                                                                      ਰੱਬ ਜੀ ਕੈਸੀ ਘੜੀ ਤਰਾਸ਼ੀ..
                                                                      ਪੀਲੇ ਪੱਤ ਹਵਾ ਵਿੱਚ ਉੱਡਣ
                                                                      ਕੁਛ ਐਦਾਂ ਉੱਡ ਜਾਂਦੀ ਹਾਸੀ..
                                                                      ਜੇ ਕਿਧਰੇ ਬੁੱਲ੍ਹੀਆਂ ਨੂੰ ਚੁੰਮੇ
                                                                      ਕਰਾਮਾਤ ਹੋ ਜਾਵੇ...
                                                                      ਚੁੱਪ ਚੁੱਪ ਦੇ ਵਿੱਚ 
                                                                      ਦਿਨ ਲੰਘ ਜਾਂਦਾ..
                                                                      ਚੁੱਪ ਚੁੱਪ ਦੇ ਵਿੱਚ 
                                                                      ਰਾਤ ਹੋ ਜਾਵੇ.....

ਤਾਰਾ ਕੁਛ ਸੋਚਦੀ ਏ ਤੇ ਓਹ ਵੀ ਗੁਣਗੁਣਾ ਕੇ ਕਹਿੰਦੀ ਏ:- 

                                                                       ਖੌਰੇ ਕੇਹੜੇ ਦੇਸ ਦਾ ਵਾਸੀ..
                                                                       ਨੈਣਾਂ ਅੰਦਰ ਘੋਰ ਉਦਾਸੀ..
                                                                       ਤੇਰੀ ਚੁੱਪ ਹਿੱਕ ਡੰਗਦੀ ਜਾਵੇ..
                                                                       ਜਿੰਦ ਨੂੰ ਸੂਲੀ ਟੰਗਦੀ ਜਾਵੇ..
                                                                       ਆਖਿਰ ਐਸੀ ਗੱਲ ਕੀ ਜੇਹੜੀ 
                                                                       ਬੁੱਲ੍ਹੀਆਂ ਕੋਲੋਂ ਸੰਗਦੀ ਜਾਵੇ..
                                                                       ਘੁੱਟ ਸਬਰ ਦੇ ਮੰਗਦੀ ਜਾਵੇ..
                                                                       ਤੂੰ ਤਾਂ ਬੈਠਾ ਕਵਿਤਾ ਰੰਗੇ..
                                                                       ਕਵਿਤਾ ਤੈਨੂੰ ਰੰਗਦੀ ਜਾਵੇ..
                                                                       ਕਵਿਤਾ ਤੈਨੂੰ ਰੰਗਦੀ ਜਾਵੇ..

ਓਹ ਬੁੱਲ੍ਹੀਆਂ 'ਚ ਨਿਮ੍ਹਾ ਜਿਹਾ ਹੱਸਦਾ ਏ ਤੇ ਕਹਿੰਦਾ ਏ :-

                                                                     ਕੇਹੜੇ ਰੰਗ ਦੀ ਬਾਤ ਕਰੇਂ ਤੂੰ..
                                                                     ਰੂਹ ਤਾਂ ਸਾਡੀ ਰੰਗੋਂ ਊਣੀ..
                                                                     ਤੇ ਕਵਿਤਾ ਵੀ ਰੰਗ ਵਿਹੂਣੀ..
                                                                     ਹਾਂ ਹੰਝੂਆਂ ਵਿੱਚ ਭਿੱਜੀ ਰਹਿੰਦੀ
                                                                     ਥੋੜੀ ਥੋੜੀ ਹੋ ਗਈ ਲੂਣੀ..
                                                                     ਜੇਠ ਹਾੜ੍ਹ 'ਚ ਬਾਲ ਕੇ ਧੂਣੀ
                                                                     ਅਸਾਂ ਤਾਂ ਚੱਟੀ ਸਿੱਲ੍ਹ ਅਲੂਣੀ..
                                                                     ਰੂਹ ਤਾਂ ਸਾਡੀ ਰੰਗੋਂ ਊਣੀ..
                                                                     ਤੇ ਕਵਿਤਾ ਵੀ ਰੰਗ ਵਿਹੂਣੀ..

                                                                    ਰੰਗ ਤਾਂ ਕਲੀਆਂ ਦੇ ਵਿੱਚ ਹੁੰਦੈ
                                                                    ਰੰਗ ਤਾਂ ਫੁੱਲਾਂ ਦੇ ਵਿੱਚ ਹੁੰਦੈ..
                                                                    ਸੂਹੇ ਵਾਂਗ ਮਤਾਬੀ ਬਲਦੇ
                                                                    ਰੰਗ ਤਾਂ ਬੁੱਲ੍ਹਾਂ ਦੇ ਵਿੱਚ ਹੁੰਦੈ..
                                                                    ਜਾਂ ਫਿਰ ਢਲਦੀ ਸ਼ਾਮ 'ਚ ਹੁੰਦੈ 
                                                                    ਰੰਗ ਛਲਕਦੇ ਜਾਮ 'ਚ ਹੁੰਦੈ..
                                                                    ਰੰਗ ਤਾਂ ਪ੍ਰੇਮ-ਪੈਗਾਮ 'ਚ ਹੁੰਦੈ
                                                                    ਰੰਗ ਸੱਜਣ ਦੇ ਨਾਮ 'ਚ ਹੁੰਦੈ..
                                                                    ਸੱਚੇ ਪਾਕ ਪਵਿੱਤਰ ਸੁੱਚੇ
                                                                    ਰੰਗ ਤਾਂ ਤਾਰਾ ਕਾਮ 'ਚ ਹੁੰਦੈ..
                                                                    ਰੰਗ ਸੱਜਣ ਦੇ ਨਾਮ 'ਚ ਹੁੰਦੈ..


                                                                    ਤਾਰਾ ਪਰ ਮੈਨੂੰ ਨੀਂ ਲਗਦਾ ਕਿ
                                                                    ਮੇਰੇ ਵਿੱਚ ਏਹਦੀ ਕੋਈ ਥਾਂ ਹੈ..
                                                                    ਖੌਰੇ ਕੈਸੀ ਸ਼ੈਅ ਦਾ ਨਾਂ ਹੈ.....??

''ਵਾਹ ਸ਼ਾਇਰ ਸਾਹਬ'' ਕਹਿੰਦੀ ਹੋਈ ਤਾਰਾ ਬੋਲਦੀ ਏ...

                                                                   ਤੈਨੂੰ ਪਹਿਲੀ ਵਾਰ ਤੱਕ ਕੇ 
                                                                   ਮੇਰਾ ਰੰਗਾਂ ਵਿੱਚ ਭਿਜ ਜਾਣਾ 
                                                                   ਤੇਰੇ ਰੰਗ ਵਿਹੂਣੇ ਹੋਣ ਦੀ 
                                                                   ਨਿਸ਼ਾਨੀ ਏ ???

                                                                   ਨਹੀਂ ਸੱਜਣ ਜੀ...


                                                                   ਮੇਰੇ ਭੋਲੇ ਪਾਤਸ਼ਾਹ
                                                                   ਕੋਈ ਨਾ ਇੱਥੇ ਰੰਗੋਂ ਊਣਾ..
                                                                   ਕੋਈ ਨਾ ਇੱਥੇ ਰੰਗ ਵਿਹੂਣਾ..
                                                                   ਹਰ ਇੱਕ ਹੀ ਰੂਹ ਬੋਲ ਰਹੀ ਏ
                                                                   ਰੰਗ ਦੀ ਗਾਗਰ ਡੋਲ੍ਹ ਰਹੀ ਏ..

                                                                   ਰੰਗ ਛਣਕਦੀ ਵੰਗ ਦਾ ਨਾਂ ਹੈ..
                                                                   ਜਾਂ ਤਿੱਤਲੀ ਦੇ ਖੰਭ ਦਾ ਨਾਂ ਹੈ..
                                                                   ਰੰਗ ਤਾਂ ਸੱਜਣ ਕੋਲੋਂ ਸੰਗਦੀ 
                                                                   ਕਿਸੇ ਕੁੜੀ ਦੀ ਸੰਗ ਦਾ ਨਾਂ ਹੈ..
                                                                   ਰੰਗ ਸੋਲ੍ਹਵੇਂ ਸਾਲ 'ਚ ਖਿੜਦੀ 
                                                                   ਸੂਹੀ ਕਿਸੇ ਉਮੰਗ ਦਾ ਨਾਂ ਹੈ..
                                                                   ਰੰਗ ਤਾਂ ਜਲ-ਤਰੰਗ ਦਾ ਨਾਂ ਹੈ..
                                                                   ਰੰਗ ਤਾਂ ਰਾਗ ਸਾਰੰਗ ਦਾ ਨਾਂ ਹੈ..
                                                                   ਰੰਗ ਰਣਾਂ ਵਿੱਚ ਛਿੜੀ ਹੋਈ ਇੱਕ
                                                                   ਲਹੂ-ਪਰੁੱਚੀ ਜੰਗ ਦਾ ਨਾਂ ਹੈ..

                                                                   ਰੰਗ ਸਾਉਣ ਦੇ ਮਾਹ ਦਾ ਨਾਂ ਹੈ.. 
                                                                   ਰੰਗ ਸੱਜਣ ਦੇ ਸਾਹ ਦਾ ਨਾਂ ਹੈ..
                                                                   ਰੰਗ ਸੱਜਣ ਦੀ ਲੋਰ ਦਾ ਨਾਂ ਹੈ..
                                                                   ਰੰਗ ਸੱਜਣ ਦੀ ਚੁੱਪ ਦਾ ਨਾਂ ਹੈ..
                                                                   ਰੰਗ ਸੱਜਣ ਦੇ ਸ਼ੋਰ ਦਾ ਨਾਂ ਹੈ..

ਤਾਰਾ ਅਜੇ ਬੋਲ ਹੀ ਰਹੀ ਸੀ ਕਿ ਓਹ ਤਾਰਾ ਨੂੰ ਵਿੱਚੋਂ ਟੋਕਦਾ ਹੈ ਤੇ ਕਹਿੰਦਾ ਹੈ :-

                                                                  ਜੇ ਰੰਗ ਚੁੱਪ ਦੇ ਵਿੱਚ ਹੁੰਦਾ ਏ 
                                                                  ਫਿਰ ਕਿਓਂ ਮੇਰੀ ਚੁੱਪ ਨੂੰ ਤੋੜੇਂ..
                                                                  ਕੀ ਤੂੰ ਚਾਵੇਂ..ਕੀ ਤੂੰ ਲੋੜੇਂ?????

 ਤਾਰਾ ਬੋਲਦੀ ਹੈ :- ਹੂੰ....

                                                                 ਹਰ ਸ਼ੈਅ ਇੱਥੇ ਰੰਗਾਂ-ਮੱਤੀ..
                                                                 ਅਸੀਂ ਵੀ ਰੰਗਾਂ ਦੇ ਹਾਂ ਜਾਏ..
                                                                 ਅਸੀਂ ਵੀ ਰੰਗਾਂ ਦੇ ਹਮਸਾਏ..
                                                                 ਇੱਥੋਂ ਤੱਕ ਕਿ ਰੰਗ ਬਾਝ ਨਾ 
                                                                 ਸਾਡੀ ਦੇਹੀ ਦੇ ਪਰਛਾਏ..
                                                                 ਇੱਕ ਸੂਰਜੀ ਕਿਰਨ ਦੇ ਅੰਦਰ 
                                                                 ਰੱਬ ਨੇ ਸੱਤ-ਸੱਤ ਰੰਗ ਸਜਾਏ..
                                                                 ਫਿਰ ਕਾਹਤੋਂ ਰੰਗਹੀਣ ਕਹਾਵੇਂ..?

                                                                 ਰੰਗ ਚੁੱਪ ਵਿੱਚ ਵੀ ਹੈ..
                                                                 ਰੰਗ ਸ਼ੋਰ ਵਿੱਚ ਵੀ ਹੈ..

                                                                 ਵੇ ਬੇ-ਸਮਝਾ ਚੁੱਪ ਦੇ ਅੰਦਰ 
                                                                 ਬੋਲ ਹੀ ਭਰਦੇ ਰੰਗ ਹੁੰਦੇ ਨੇ..
                                                                 ਚੁੱਪ ਚਪੀਤੇ ਚੁੱਪ ਦੇ ਅੰਦਰ 
                                                                 ਬੋਲ ਹੀ ਭਰਦੇ ਰੰਗ ਹੁੰਦੇ ਨੇ..

                                                                 ਦੋ ਮਿੱਠੇ ਬੋਲਾਂ ਤੋਂ ਪਹਿਲਾਂ
                                                                 ਪਸਰੀ ਗਹਿਰੀ ਚੁੱਪ 'ਚ ਰੰਗ ਹੈ..
                                                                 ਦੋ ਮਿੱਠੇ ਬੋਲਾਂ ਤੋਂ ਮਗਰੋਂ 
                                                                 ਪਸਰੀ ਗਹਿਰੀ ਚੁੱਪ 'ਚ ਰੰਗ ਹੈ..


                                                                 ਪਰ ਤੇਰੀ ਚੁੱਪ ਦੇ ਵਰਗੀ ਚੁੱਪ ਤਾਂ 
                                                                 ਬੰਦੇ ਨੂੰ ਜਿਓਂ ਖਾ ਜਾਂਦੀ ਏ...
                                                                 ਓਹਦਾ ਰੂਪ ਵਟਾ ਜਾਂਦੀ ਏ..
                                                                 ਓਹਦਾ ਰੰਗ ਵਟਾ ਜਾਂਦੀ ਏ..


                                                                 ਰੰਗ ਅਸਾਨੂੰ ਮਰਨ ਨਾ ਦਿੰਦੇ..
                                                                 ਸਾਡੀਆਂ ਰੀਝਾਂ ਠਰਨ ਨਾ ਦਿੰਦੇ..
                                                                 ਰੰਗ ਅਸਾਂ ਨੂੰ ਜੀਵਨ ਬਖਸ਼ਣ 
                                                                 ਰੰਗ ਤਾਂ ਜੀਵਨ-ਪੰਧ ਦਾ ਨਾਂ ਹੈ..
                                                                 ਰੰਗ ਛਣਕਦੀ ਵੰਗ ਦਾ ਨਾਂ ਹੈ..
                                                                 ਜਾਂ ਤਿੱਤਲੀ ਦੇ ਖੰਭ ਦਾ ਨਾਂ ਹੈ..
                                                                 ਰੰਗ ਤਾਂ ਸੱਜਣ ਕੋਲੋਂ ਸੰਗਦੀ 
                                                                 ਕਿਸੇ ਕੁੜੀ ਦੀ ਸੰਗ ਦਾ ਨਾਂ ਹੈ..

ਇਸਤੋਂ ਪਹਿਲਾਂ ਕਿ ਓਹ ਕੁਝ ਹੋਰ ਬੋਲਦਾ ਅਸਮਾਨੋਂ ਕਣੀਆਂ ਵਰ੍ਹਨ ਲਗਦੀਆਂ ਨੇ...ਓਹ ਉੱਠ ਕੇ ਅੰਦਰ ਜਾਣ ਲਗਦਾ ਹੈ ਕਿ ਤਾਰਾ ਵੀ ਅੰਦਰ ਆ ਜਾਏਗੀ....ਪਰ ਤਾਰਾ ਓਸੇ ਥਾਂ ਬੈਠੀ ਏ...ਤੇ ਬਾਂਵਾਂ ਉੱਪਰ ਚੁੱਕ ਕੇ ਤੇ ਨਜ਼ਰਾਂ ਓਸ ਕਮਲੇ ਵੱਲ ਕਰਕੇ ਗੁਣਗੁਣਾਉਣ ਲਗਦੀ ਏ....''ਅਸੀਂ ਮੀਂਹ ਵਿੱਚ ਭਿੱਜਣਾ ਚਾਹੁੰਦੇ ਹਾਂ..ਤੁਸੀਂ ਦੋ ਕਣੀਆਂ ਤੋਂ ਡਰ ਚੱਲੇ....'' ਓਹਦੇ ਕਦਮ ਇੱਕਦਮ ਰੁਕ ਜਾਂਦੇ ਨੇ..ਤੇ ਚੇਹਰੇ 'ਤੇ ਇੱਕ ਅਜੀਬ ਮਲਾਲ...ਓਹ ਵਾਪਿਸ ਆਕੇ ਤਾਰਾ ਦਾ ਹੱਥ ਫੜਦਾ ਹੈ ਤੇ ਕਿੰਨਾ ਚਿਰ ਦੋਵੇਂ ਮੀਂਹ 'ਚ ਭਿੱਜਦੇ ਰਹਿੰਦੇ ਨੇ...ਹੋਸ਼-ਹਵਾਸ ਭੁਲਾਕੇ...ਤਾਰਾ ਓਹਨੂੰ ਰੱਜ ਰੱਜ ਕੇ ਜੀ ਭਰ ਕੇ ਵੇਖ ਰਹੀ ਏ..ਤੇ ਓਹਦੇ ਚੇਹਰੇ 'ਤੇ ਵੀ ਹੁਣ ਇੱਕ ਨੂਰ ਪਨਪ ਰਿਹਾ ਹੈ...ਜਿਵੇਂ ਕਿਸੇ ਤਾਰੇ ਨੇ ਆਪਣੀ ਰੌਸ਼ਨੀ ਓਹਦੇ ਮੁੱਖ 'ਤੇ ਪਲਟ ਦਿੱਤੀ ਹੋਵੇ...ਪਰ ਤਾਰਾ ਵੀ ਕੇਹੜਾ ਕਿਸੇ ਤਾਰੇ ਤੋਂ ਘੱਟ ਸੀ...ਸਾਰੀ ਓਸੇ ਦੀ ਕਰਾਮਾਤ ਸੀ....(ਓਹ ਹਰ ਵਾਰ ਮੀਂਹ ਨੂੰ ਦੂਰੋਂ ਹੀ ਮਾਣਦਾ ਹੈ..ਭਿੱਜਣ 'ਤੇ ਓਹਨੂੰ ਜ਼ੁਕਾਮ ਦੀ ਤਕਲੀਫ਼ ਹੁੰਦੀ ਏ ਪਰ ਅੱਜ ਓਹ ਸਭ ਕੁਝ ਭੁੱਲ ਗਿਆ ਸੀ..)
ਤੇਜ਼ ਹਵਾ ਦਾ ਝੋਂਕਾ ਆਉਂਦਾ ਹੈ ਤੇ ਓਹਨਾ ਦਾ ਧਿਆਨ ਜ਼ਰਾ ਉੱਖੜਦਾ ਹੈ...ਦੋਵੇਂ ਖੁਸ਼ਬੋਈਆਂ ਵੰਡਦੇ ਗੁਲਾਚੀਨ ਥੱਲੇ ਬੈਠਦੇ ਨੇ...''ਤੇਰੇ ਸੰਗ ਤੁਰਦਿਆਂ ਮੈਨੂੰ ਜ਼ਿੰਦਗੀ ਤੁਰਦੀ ਲਗਦੀ ਏ''(ਤਾਰਾ ਮਨ ਹੀ ਮਨ ਗੁਣਗੁਣਾਉਂਦੀ ਹੈ)..ਉਸਨੂੰ ਜ਼ੁਕਾਮ ਸ਼ੁਰੂ ਹੋ ਜਾਂਦਾ...ਤਾਰਾ ਯਕਦਮ ਓਹਦਾ ਸਿਰ ਆਪਣੀ ਗੋਦ 'ਚ ਰਖਦੀ ਹੈ ਤੇ ਘੁੱਟ ਕੇ ਨਿੱਘ ਦਿੰਦੀ ਹੈ..ਹੁਣ ਤਾਰਾ ਦਾ ਹੱਥ ਓਹਦੇ ਸਿਆਹ ਕਾਲੇ ਵਾਲਾਂ 'ਚ ਖੇਡ ਰਿਹਾ...ਤੇ ਓਹ ਅਡੋਲ ਕਿਸੇ ਖੂਬਸੂਰਤ ਦੁਨੀਆ ਦੀ ਸੈਰ ਕਰ ਰਿਹਾ...ਦੋਵੇਂ ਇੱਕ ਦੂਜੇ 'ਚ ਖੋਏ ਹੋਏ....ਗੁਲਾਚੀਨ ਦੇ ਪੱਤਿਆਂ 'ਚੋਂ ਨਰਮ ਨਰਮ ਬੂੰਦਾਂ ਟਪਕ ਰਹੀਆਂ ਨੇ...ਤਾਰਾ ਦੇ ਖੁੱਲ੍ਹੇ ਰੇਸ਼ਮੀ ਵਾਲ ਹਵਾ ਵਿੱਚ ਉੱਡ ਰਹੇ ਨੇ...ਮਿੱਟੀ ਪਾਣੀ ਦੇ ਰੰਗ 'ਚ ਭਿੱਜੀ ਹੋਈ ਤੇ ਓਸ 'ਚੋਂ ਮਿੱਠੜੀ ਮਹਿਕ ਆ ਰਹੀ ਏ...ਤਾਰਾ ਦਾ ਮੂੰਹੋਂ ਆਪ ਮੁਹਾਰੇ ਨਿੱਕਲ ਜਾਂਦੈ :- ''ਰੰਗ ਤਾਂ ਕਣੀਆਂ ਦੇ ਰੰਗ ਰੰਗੀ ਮਿੱਟੜੀ ਦੀ ਸੁਗੰਧ ਦਾ ਨਾਂ ਹੈ..'' ਤਾਰਾ ਡਾਢੀ ਖੁਸ਼ ਹੈ..ਹੋਵੇ ਵੀ ਕਿਓਂ ਨਾ ਓਹਦਾ ਦਿਲਬਰ ਓਹਦੀ ਗੋਦ 'ਚ ਪਿਆ ਏ...ਤੇ ਲੱਜ਼ਤਦਾਰ ਚੁਫੇਰਾ...ਤਾਰਾ ਓਹਦਾ ਮੱਥਾ ਚੁੰਮਦੀ ਹੈ...ਤੇ ਇਹ ਓਹ ਮੌਕਾ ਹੈ ਜਦੋਂ ਓਹ 'ਰੰਗਾਂ' ਵਿੱਚ ਭਿੱਜ ਰਿਹਾ ਹੈ...ਕਿੰਨਾ ਸਮਾਂ ਓਹ ਐਦਾਂ ਬੈਠੇ ਰਹਿੰਦੇ ਨੇ...!!

ਓਹ !! ਐਨਾ ਵਕਤ ਬੀਤ ਗਿਆ..ਪਤਾ ਹੀ ਨੀਂ ਲੱਗਾ...ਸ਼ਾਇਰ ਸਾਹਬ ! ਉੁੱਠੋ...ਮੈਂ ਕਿਹਾ ਸ਼ਾਇਰ ਸਾਹਬ ਜੀ ਉੁੱਠੋ....ਓਹਦੀ ਬਿਰਤੀ ਵੀ ਟੁੱਟਦੀ ਏ..ਤੇ ਹੁਣ ਤਾਰਾ ਨਾਂ ਦੀ ਹਕੀਕਤ ਵੱਲ ਜੁੜ ਜਾਂਦੀ ਹੈ ਜੋ ਓਸਦੇ ਕੋਲ ਬੈਠੀ ਏ....ਮੈਂ ਹੁਣ ਚੱਲੀ ਵੀਰੇ ਨੂੰ ਸਕੂਲ ਦਾ ਕੰਮ ਵੀ ਕਰਾਉਣਾ...ਤੇ ਹੋਰ ਵੀ ਕਈ ਕੰਮ...ਓਹ ਵੇਖ ਉੱਪਰ ਆਸਮਾਂ 'ਤੇ ਵੀ ਤਾਰੇ ਨਿੱਕਲ ਆਏ ਨੇ..ਤੂੰ ਹੁਣ ਇਹਨਾਂ ਨਾਲ ਬਾਤਾਂ ਪਾ ਤੇ ਤੇਰੀ ਇਹ ਤਾਰਾ ਤੈਨੂੰ ਕੱਲ ਮਿਲੂ...''ਹਾਂ ਤੂੰ ਜਾ ਹੁਣ ਤਾਰਾ ਸਭ ਉਡੀਕਦੇ ਹੋਣੇ ਆਂ''....ਓਹ ਕਹਿੰਦਾ ਹੈ...ਤਾਰਾ ਚਲੀ ਜਾਂਦੀ ਹੈ...ਤਾਰਾ ਤਾਂ ਚਲੀ ਜਾਂਦੀ ਹੈ ਪਰ ਤਾਰਾ ਦੇ ਬੋਲ ਓਹਦੇ ਕੰਨਾਂ 'ਚ ਗੂੰਜਦੇ ਹੀ ਜਾਂਦੇ ਨੇ...:-  
                                                                 ਦੋ ਮਿੱਠੇ ਬੋਲਾਂ ਤੋਂ ਪਹਿਲਾਂ
                                                                 ਪਸਰੀ ਗਹਿਰੀ ਚੁੱਪ 'ਚ ਰੰਗ ਹੈ..
                                                                 ਦੋ ਮਿੱਠੇ ਬੋਲਾਂ ਤੋਂ ਮਗਰੋਂ 
                                                                 ਪਸਰੀ ਗਹਿਰੀ ਚੁੱਪ 'ਚ ਰੰਗ ਹੈ..
ਅੱਜ ਓਹਨੂੰ ਅਜੀਬ ਖੁਸ਼ੀ ਦਾ ਦੀਦਾਰ ਹੋਇਆ ਜੀਹਨੇ ਪਹਿਲਾਂ ਤਾਂ ਕਦੀ ਦਰਸ਼ ਨੀਂ ਸੀ ਦਿੱਤਾ...ਓਹਦੀ ਅੰਮੀ ਵੀ ਅੱਜ ਡਾਢੀ ਖੁਸ਼ ਕਿ ਮੁੰਡਾ ਅੱਜ ਐਨਾ ਖੁਸ਼...ਓਹਨੂੰ ਹਰ ਪਾਸੇ ਰੰਗ ਹੀ ਰੰਗ ਨਜ਼ਰੀਂ ਆ ਰਹੇ ਸੀ ਜਿਸਨੂੰ ਕਦੇ ਗੁਲਾਬਾਂ 'ਚੋਂ ਵੀ ਰੰਗ ਨਜ਼ਰੀਂ ਨੀਂ ਸੀ ਪੈਂਦਾ..ਸਾਰੀ ਰਾਤ ਇੱਕ ਖੂਬਸੂਰਤ ਖਾਬਾਂ 'ਚ ਗੁਜ਼ਰੀ...ਸਵੇਰੇ ਉੱਠਿਆ ਤਾਂ ਹੋਰ ਵੀ ਹੁਲਾਸਿਆ ਹੋਇਆ..ਹੋਰ ਵੀ ਨੂਰੀ..ਹੋਰ ਵੀ ਖੁਸ਼..!!ਤਾਰਾ ਓਹਨੂੰ ਨਵੀਂ ਜ਼ਿੰਦਗੀ ਦੇ ਗਈ ਸੀ..ਨਵੀਂ ਸੋਚ..ਨਵੀਂ ਸਮਝ..ਨਵੀ ਹਰਕਤ..ਨਵੀਂ ਬਰਕਤ..!! 


ਆਥਣ ਦਾ ਵੇਲਾ...ਆਸਮਾਂ ਸੂਰਜ ਦੀ ਲਾਲੀ 'ਚ ਭਿੱਜਾ..ਪੱਛਮ ਵਾਲੇ ਪਾਸੇ ਨੀਮ-ਕੇਸਰੀ ਬੱਦਲੀਆਂ ਉੱਡ ਰਹੀਆਂ ਨੇ..ਓਹ ਤੇ ਤਾਰਾ ਕਿਸੇ ਗੱਲ 'ਤੇ ਉੱਚੀ ਉੱਚੀ ਹੱਸ ਰਹੇ ਨੇ..ਤੇ ਫੇਰ ਓਹ ਤਾਰਾ ਨੂੰ ਨਵੀਂ ਕਵਿਤਾ ਸੁਨਾਉਣ ਲੱਗਾ...ਤਾਰਾ ਨੇ ਸਾਰੀ ਕਵਿਤਾ ਓਹਦੇ ਚੇਹਰੇ ਵੱਲ ਟਿਕਟਿਕੀ ਲਗਾ ਕੇ ਸੁਣੀ ਤੇ ਸੁਣਕੇ ਓਹਨੂੰ ਨਿੱਘੀ ਗੋਦ 'ਚ ਪਾ ਲਿਆ...ਤਾਰਾ ਤੂੰ ਤਾਂ ਬੜੀ ਸਿਆਣੀ ਨਿੱਕਲੀ...ਮੈਂ ਤਾਂ ਤੈਨੂੰ ਬਾਵਰੀ ਜਿਹੀ ਸਮਝਦਾ ਸੀ...ਬਾਵਰੇ ਲੋਕ ਬੜੇ ਸਿਆਣੇ ਹੁੰਦੇ ਨੇ ਸੱਜਣ ਜੀ...ਵਾਹ ! ਤਾਰਾ !!! ਮੇਰੇ ਪਾਗਲ,ਕਮਲੇ,ਨਿਖੱਟੂ ਹੁਣ ਬਹੁਤੀ ਮੇਰੀ ਵਡਿਆਈ ਨਾ ਕਰ..ਓਹ ਹੱਸਦਾ ਏ...ਹਾਂ ਬੱਸ ਏਦਾਂ ਹੀ ਹੱਸਦਾ ਰਹਿ ਉਦਾਸ ਨੀਂ ਹੋਣਾ ਹੁਣ..ਨਹੀਂ ਤਾਂ ਵੇਖ ਲੀਂ ਫੇਰ....
ਚੰਗਾ ਭਾਈ ਹੁਣ ਤੇਰੀ ਤਾਰਾ ਦੇ ਜਾਣ ਦਾ ਵਕਤ ਹੋ ਗਿਆ..ਔਹ ਤਾਰੇ ਫੇਰ ਨਿੱਕਲ ਆਏ ਨੇ...ਤੂੰ ਕਰ ਗੱਲਾਂ..ਓਹ ਉੱਪਰ ਤੱਕਦਾ ਏ...ਤੇ ਤਾਰਾ ਉੱਠ ਖਲੋਂਦੀ ਏ...ਤਾਰਾ ਦੇ ਸੁਪਨੇ ਵਾਲਾ ਸੂਟ ਪਾਇਆ ਹੈ...ਚੰਗਾ ਖੁਸ਼ ਰਹਿ ਮੈਂ ਚੱਲੀ...ਓਹ ਮੁਸਕਾਉਂਦਾ ਏ....
ਤਾਰਾ ਜਾਂਦੀ ਜਾਂਦੀ ਆਪਣੀ ਮਧੁਰ ਆਵਾਜ਼ 'ਚ ਗੀਤ ਗਾਉਂਦੀ ਜਾ ਰਹੀ ਸੀ :-
ਤਾਰਿਆਂ ਦੀ ਲੋਏ ਚੰਨਾ..
ਸੁਪਨੇ ਸੰਜੋਏ ਚੰਨਾ..
ਸੁਪਨੇ 'ਚ ਬੋਲੇ ਤੇਰਾ ਨਾਂ..
ਚੁੰਮ ਚੁੰਮ ਰੱਖਾਂ ਏਹਨੂੰ 
ਬੁੱਲ੍ਹੀਆਂ 'ਤੇ ਮਹਿਰਮਾ ਵੇ
ਹੋਰ ਕਿਸੇ ਗੱਲ ਦਾ ਨਾ ਚਾਅ..
ਹੋਰ ਕਿਸੇ ਗੱਲ ਦਾ ਨਾ ਚਾਅ..

harman
06/12/2010   


ਤਾਰਿਆਂ ਦੀ ਲੋਏ ਚੰਨਾ..
ਸੁਪਨੇ ਸੰਜੋਏ ਚੰਨਾ..
ਸੁਪਨੇ 'ਚ ਬੋਲੇ ਤੇਰਾ ਨਾਂ..
ਚੁੰਮ ਚੁੰਮ ਰੱਖਾਂ ਏਹਨੂੰ
ਬੁੱਲ੍ਹੀਆਂ 'ਤੇ ਮਹਿਰਮਾ ਵੇ
ਹੋਰ ਕਿਸੇ ਗੱਲ ਦਾ ਨਾ ਚਾਅ..
ਹੋਰ ਕਿਸੇ ਗੱਲ ਦਾ ਨਾ ਚਾਅ..

1 comment:

  1. Har bole vich rooh hai te har satar jivain ik tasvir. Blessed is your kalam Harman and blessed is your soch.

    ReplyDelete