Friday, November 19, 2010

ਮਸਤ-ਮਲੰਗ...

ਰਾਤੀਂ ਚਾਨਣੀ ਚੰਨੇ ਦੀ 
ਦਿਨੇ ਸੂਰਜਾਂ ਦੀ ਲੋਅ
ਸਾਡੇ ਰਹੇ ਅੰਗ-ਸੰਗ..
ਅਸੀਂ ਮਸਤ-ਮਲੰਗ..

ਤੇਰੇ ਨੀਲੇ-ਨੀਲੇ ਨੈਣੀਂ
ਛੁਪੀ ਲੋਹੜਿਆਂ ਦੀ ਸੰਗ 
ਸਾਨੂੰ ਕਰਦੀ ਏ ਤੰਗ..
ਜ਼ਰਾ ਅੱਖਾਂ ਕਰ ਬੰਦ..
ਅਸੀਂ ਮਸਤ-ਮਲੰਗ..

ਜਦੋਂ ਭਗਵੀਂ 'ਜੀ ਬੱਦਲੀ 
ਕੋਈ ਉੱਡੇ ਅਸਮਾਨੀਂ
ਸਾਡਾ ਨੱਚੇ ਅੰਗ-ਅੰਗ..
ਅਸਾਂ ਵਗਦੀਆਂ ਪੌਣਾਂ  
ਕੋਲੋਂ ਖਾਧੈ ਸਦਾ ਡੰਗ..
ਅਸੀਂ ਮਸਤ-ਮਲੰਗ..

ਮੁੱਕੇ ਗੀਤਾਂ ਵਿੱਚੋਂ ਰੰਗ
ਗੱਲਾਂ ਕਰ ਲਈਏ ਚੰਦ
ਕਿਸੇ ਤਿੱਤਲੀ ਦੇ ਸੰਗ..
ਅਸੀਂ ਮਸਤ-ਮਲੰਗ..

ਸਾਡੀ ਅਰਦਾਸ ਵਿੱਚੋਂ 
ਡੁੱਲ੍ਹੇ ਇੱਕੋ-ਇੱਕ ਮੰਗ
ਆਵੇ ਕਣ-ਕਣ ਵਿੱਚੋਂ
ਬੱਸ ਇਸ਼ਕ-ਤਰੰਗ..
ਕਿਸੇ ਝੁਮਕੇ ਦੇ ਉੱਤੇ
ਸਾਡੀ ਝੂਟਦੀ ਉਮੰਗ..
ਆਵੇ ਇਸ਼ਕ-ਤਰੰਗ..
ਕਿਸੇ ਮੋਰਨੀ ਦਾ ਖੰਭ 
ਭਰੇ ਕਵਿਤਾ 'ਚ ਰੰਗ..
ਅਸੀਂ ਮਸਤ-ਮਲੰਗ..

ਓਹਦੇ ਮੁੱਖ ਉੱਤੇ ਖੇਡੇ 
ਚਿੱਟੀ ਸਾਵਣੇ ਦੀ ਧੁੱਪ 
ਓਹੋ ਰਹਿੰਦੀ ਚੁੱਪ-ਚੁੱਪ..
ਕੋਈ ਗੁੰਮਸੁੰਮ ਰੁੱਤ..
ਓਹਦੇ ਰਾਹਾਂ 'ਚ ਵਿਛਾਈ 
ਜਾਵਾਂ ਚਾਨਣੀ ਦੀ ਸੇਜ 
ਮੈਂ ਤਾਂ ਭਰ ਬੁੱਕ-ਬੁੱਕ..
ਓਹਦੀ ਤੋਰ ਦੀ ਸੰਜੀਦਗੀ
'ਚ ਡੁੱਬ ਗਿਆ ਚੰਦ.. 
ਓਹਦੇ ਚਿੱਟੇ-ਚਿੱਟੇ ਦੰਦ..
ਓਹਦੇ ਵਾਂਗੂੰ ਚੁੱਪ ਰਹਿੰਦੀ
ਓਹਦੀ ਸੋਨੇ-ਰੰਗੀ ਵੰਗ
ਜੀਹਤੋਂ ਸਿੱਖਿਆ ਏ ਯਾਰਾ
ਆਪਾਂ ਜੀਵਣੇ ਦਾ ਢੰਗ
ਸਾਡਾ ਢੰਗ ਬੇ-ਢੰਗ..
ਅਸੀਂ ਮਸਤ-ਮਲੰਗ..

ਤੱਕ ਤੋਤਿਆਂ ਦੀ 'ਡਾਰ 
ਆਉਂਦੀ ਸਾਹਾਂ 'ਤੇ ਬਹਾਰ..
ਗੁਲਾਚੀਨ ਉੱਤੇ ਬੈਠੀ 
ਕਾਲੀ ਚਿੜੀ ਦੀ ਆਵਾਜ਼ 
ਸੁਣਾਂ ਅੱਖਾਂ ਕਰ ਬੰਦ..
ਘੁੱਗੀ ਕਰੇ ਘੂੰ-ਘੂੰ 
ਜਦੋਂ ਜਦੋਂ ਮੰਦ-ਮੰਦ..
ਸੱਚੀਂ ਦਿਲ-ਦਰਵਾਜ਼ੇ 
ਵਿੱਚੋਂ ਆਵੇ ਲੰਘ-ਲੰਘ..
ਰਾਤ-ਰਾਣੀ ਦੀ ਸੁਗੰਧ
ਵਿੱਚ ਪਾ ਕੇ  ਗੁਲਕੰਦ 
ਖੋ ਜਾਈਏ ਮਿੱਠੇ ਰੰਗ..
ਅਸੀਂ ਮਸਤ-ਮਲੰਗ..

ਛਿੜੇ ਕੰਬਣੀ ਸਾਹਾਂ ਨੂੰ 
ਜਦੋਂ ਲਗਦੀ ਏ ਠੰਡ..
ਨੀਲੇ-ਨੀਲੇ ਨੈਣਾਂ ਵਿੱਚੋਂ
ਲੱਭ ਲਈਏ ਕੋਸਾ ਰੰਗ..
ਸੂਹੇ-ਸੂਹੇ ਬੁੱਲ੍ਹਾਂ ਵਿੱਚੋਂ
ਸੇਕਾਂ ਚੰਗਿਆ‌ੜੇ ਚੰਦ..
ਕਿਤੇ ਚੁੰਨੀ ਗੁਲਾਨਾਰੀ
ਉੱਡੀ ਜਾਂਦੀ ਫੁਲਕਾਰੀ..
ਕਰ ਅੱਖਾਂ ਵਿੱਚ ਬੰਦ
ਭਰਾਂ ਸੁਪਨੇ 'ਚ ਰੰਗ.
ਅਸੀਂ ਮਸਤ-ਮਲੰਗ..

ਅੰਬਰਾਂ ਦੇ ਪਿੜ ਜਦੋਂ 
ਨੱਚਦੇ ਨੇ ਤਾਰੇ..
ਆਉਂਦੇ ਦਿਲ ਨੂੰ ਹੁਲਾਰੇ
ਮੈਂ ਤਾਂ ਜਾਵਾਂ ਵਾਰੇ-ਵਾਰੇ
ਉੱਤੋਂ ਬੋਲੀ ਉੱਤੇ ਬੋਲੀ 
ਪਾਵੇ ਦੁੱਧ ਚਿੱਟਾ ਚੰਦ..
ਅਸੀਂ ਮਸਤ-ਮਲੰਗ..

ਕਾਲੀ ਕਿੱਕਰ ਤੇ ਬੈਠੇ 
ਚਿੱਟੇ ਬਗਲੇ ਨੂੰ ਵੇਖ
ਫੁੱਟੇ ਮੱਥੇ 'ਚੋ ਉਜਾਲਾ 
ਮੁੱਕੇ ਕਾਲਖਾਂ ਦਾ ਰੰਗ..
ਸਾਡੇ ਯਾਰ ਨੇ ਨਿਹੰਗ 
ਪੀਣ ਘੋਟ-ਘੋਟ ਭੰਗ..
ਅਸੀਂ ਮਸਤ-ਮਲੰਗ..

ਭਾਂਵੇ ਖੇੜਿਆਂ ਦੀ ਜੰਝ 
ਪਾਵੇ ਰੰਗ ਵਿੱਚ ਭੰਗ..
ਮੇਰੇ ਤਖ਼ਤ-ਹਜਾਰੇ 
ਵਿੱਚੋਂ ਮੁੱਕਣੇ ਨਾ ਰੰਗ..
ਸੁੱਚੀ ਆਸ਼ਿਕੀ ਦੇ ਰੰਗ.
ਮੇਰੀ ਹੀਰ ਵਾਲੇ ਝੰਗ
ਰਹੂ ਛਣਕਦੀ ਵੰਗ..
ਅਸੀਂ ਮਸਤ-ਮਲੰਗ..

ਗੀਤ-ਨੈਣਾਂ ਦੀ ਕਹਾਣੀ
ਪਿੱਛੇ ਆਂਵਲੇ ਦੀ ਟਾਹਣੀ..
ਲਾਇਆ ਵੇਹੜੇ ਵਿੱਚ 
ਤੁਲਸੀ ਦਾ ਸਾਵਾ ਸਾਵਾ 
ਬੂਟਾ ਦੇਵੇ ਪਲਾਂ 'ਚ ਆਰਾਮ
ਜਦੋਂ ਕਦੇ ਮੇਰੇ ਗੀਤਾਂ 
ਤਾਈਂ ਛਿੜ ਜਾਂਦੀ ਖੰਘ..
ਅਸੀਂ ਮਸਤ-ਮਲੰਗ..

ਇਹ ਜੋ ਮੋਢਿਆਂ ਨੂੰ ਛੂਣ
ਸਾਡੇ ਲੰਬੇ-ਲੰਬੇ ਕੇਸ
ਸਾਨੂੰ ਡਾਢੇ ਨੇ ਪਸੰਦ..
ਕਦੇ ਕਿਸੇ ਮੁਟਿਆਰ 
ਵਾਂਗੂੰ ਕਰ ਲਈਏ ਗੁੱਤ
ਸਾਨੂੰ ਕਿਸੇ ਦੀ ਨਾ ਸੰਗ..
ਸਗੋਂ ਯਾਦ ਆਵੇ ਓਹਦੀ 
ਜੀਹਨੇ ਮਾਰਿਆ ਸੀ ਡੰਗ 
ਕਾਲੀ-ਕਾਲੀ ਗੁੱਤ ਸੰਗ..
ਫੁੱਟੇ ਰਾਂਗਲੀ ਤਰੰਗ..
ਕਦੇ ਛੱਡ ਲਈਏ ਖੁੱਲੇ 
ਲੋਕੀਂ ਰਹਿ ਜਾਂਦੇ ਦੰਗ..
ਐਵੇਂ ਟੋਕ ਨਾ ਨੀਂ ਮਾਏ
ਆਪੋ-ਆਪਣੇ ਨੇ ਰੰਗ..
ਤੇਰੇ ਪੈਰਾਂ ਵਿੱਚੋਂ ਫੁੱਟਿਆ 
ਹੈ ਜ਼ਿੰਦਗੀ ਦਾ ਪੰਧ..
ਏਹੇ ਕਰਜ਼ਾ ਨਾ ਲਹਿਣਾ
ਲਿਖ ਦੋ-ਚਾਰ ਬੰਦ..
ਅਸੀਂ ਮਸਤ-ਮਲੰਗ..

ਰਾਤੀਂ ਚਾਨਣੀ ਚੰਨੇ ਦੀ 
ਦਿਨੇ ਸੂਰਜਾਂ ਦੀ ਲੋਅ
ਸਾਡੇ ਰਹੇ ਅੰਗ-ਸੰਗ..
ਅਸੀਂ ਮਸਤ-ਮਲੰਗ...


harman(13/10/2010)

No comments:

Post a Comment