Friday, November 19, 2010

ਦਿਲਚੋਰ..

ਮੈਂ ਤੱਕਿਆ ਇੱਕ ਦਿਲਚੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੇ ਲੂੰ-ਲੂੰ ਵਿਚ ਫਕੀਰੀ ਨੀਂ..
ਓਹ ਘੁੰਮਦਾ ਵਾਂਗ ਭੰਬੀਰੀ ਨੀਂ..
ਓਹਦੇ ਨੈਣਾਂ ਦੀ ਦਿਲਗੀਰੀ ਨੀਂ
ਮੇਰੀ ਜਿੰਦ ਲੈ ਜਾਂਦੀ ਭੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹ ਚੋਟਾਂ ਖਾ-ਖਾ ਹੱਸਦਾ ਨੀਂ..
ਨਾ ਕਦੇ ਨਿਹੋਰੇ ਕੱਸਦਾ ਨੀਂ..
ਕਹੇ ਸਭਨਾਂ ਵਿਚ ਰੱਬ ਵੱਸਦਾ ਨੀਂ
ਫਿਰ ਸਾਡਾ ਕਾਹਦਾ ਜ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੀ ਉਮਰੋਂ ਮੱਤ ਸਿਆਣੀ ਨੀ..
ਓਹ ਅਮਲਤਾਸ ਦੀ ਟਾਹਣੀ ਨੀ..
ਓਹ ਪੰਜ ਦਰਿਆ ਦਾ ਪਾਣੀ ਨੀ..
ਗਿਆ ਵਾਂਗ ਪਤਾਸੇ ਖੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ....



ਓਹ ਬਾਤ ਇਸ਼ਕ਼ ਦੀ ਪਾਉਂਦਾ ਨੀਂ..
ਇੱਕਤਾਰਾ ਫੜਕੇ ਗਾਉਂਦਾ ਨੀਂ..
ਓਹ ਲੰਮੀਆਂ ਹੇਕਾਂ ਲਾਉਂਦਾ ਨੀਂ
ਓਹਦੀ ਹਿੱਕ ਵਿੱਚ ਡਾਢਾ ਜ਼ੋਰ ਮਾਏ
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੇ ਲੰਮ-ਸਲੰਮੜੇ ਕੇਸ ਨੀ..
ਤਨ ਪਾਇਆ ਝ੍ਗਲਾ ਵੇਸ ਨੀ..
ਤੱਕ ਅੱਲ੍ਹੜ ਜਿਹੀ ਵਰੇਸ ਨੀ..
ਕੁੜੀਆਂ ਵਿੱਚ ਪੈ ਗਿਆ ਸ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਮੈਂ ਤਲੀਏ ਮਹਿੰਦੀ ਲਾਵਾਂ ਨੀ..
ਵਿੱਚ ਨਾਂ ਜੋਗੀ ਦਾ ਪਾਵਾਂ ਨੀ..
ਇੱਕ ਸੁਪਨਾ ਕੁੱਛੜ ਚਾਵਾਂ ਨੀ..
ਜੋ ਤਾਜ਼ਾ ਨਵਾਂ-ਨਕੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਓਹਦੇ ਬੋਲ ਨੇ ਸ਼ਹਿਦ-ਪਰੁੱਚੇ ਨੀਂ.
ਮੇਰੇ ਭਾਗ ਜਗਾ ਗਿਆ ਸੁੱਤੇ ਨੀਂ..
ਇੱਕ ਆਇਆ ਐਸੀ ਰੁੱਤੇ ਨੀਂ
ਜਦ ਬਾਗੀਂ ਨੱਚਣ ਮੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਨੇ ਗਲੀਏ ਪਾਉਣਾ ਫੇਰਾ ਨੀ..
ਹੋਇਆ ਪਲ-ਪਲ ਅੱਜ ਲਮੇਰਾ ਨੀ..
ਓਹਨੂੰ ਵੇਖਕੇ ਚੜ੍ਹੇ ਸਵੇਰਾ ਨੀ..
ਓਹਦੇ ਬਾਝ ਹਨ੍ਹੇਰਾ ਘੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਜੋਗੀ ਸੰਗ ਹੋ ਗਏ ਮੇਲੇ ਨੀ..
ਪਏ ਕਰਨ ਕਲੋਲਾਂ ਬੇਲੇ ਨੀ..
ਭਾਉਂਦੇ ਨਾ ਪੈਸੇ-ਧੇਲੇ ਨੀ..
ਹੁਣ ਚੜ੍ਹੀ ਅਵੱਲੀ ਲੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਓਹਦੇ ਸਾਥ ਦੀ ਤਾਂਘ ਵਧਾਉਂਦਾ ਨੀਂ..
ਜਦ ਨਵਾਂ ਸਵੇਰਾ ਆਉਂਦਾ ਨੀਂ..
ਮੈਂ ਓਹਦੀ ਹੋਰ ਨਾ ਭਾਉਂਦਾ ਨੀਂ
ਭਾਂਵੇ ਪਵੇ ਜਹਾਨੀਂ ਸ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...
-ਹਰਮਨ


No comments:

Post a Comment