Friday, November 19, 2010

ਇੱਕ ਜੁਗਲਬੰਦੀ ਸੀਮਾ ਗਰੇਵਾਲ ਦੀਦੀ ਤੇ ਮੇਰੇ ਵਿਚਕਾਰ..ਓਹਨਾਂ ਦੀ ਇੱਕ ਰਚਨਾ ''ਚੱਲ ਵੀਰੇ ਆਪਾਂ ਪਿੰਡ ਚੱਲੀਏ'' 'ਤੇ....-ਹਰਮਨ...©


ਦੋਸਤੋ ਸੀਮਾ ਦੀਦੀ ਦੀ on facebook ਬੋਹੜਾਂ ਦੀ ਛਾਂ ਰੰਗੀ ਇੱਕ ਲਾਜਵਾਬ ਰਚਨਾ ਪੜ੍ਹੀ ਤਾਂ ਮਨ ਖੁਸ਼ ਹੋ ਗਿਆ ਸੀ ਤੇ ਮੈਂ comment ਕੀਤਾ ਸੀ..ਫਿਰ ਦੀਦੀ ਨੇ ਕੁਝ ਸਤਰਾਂ ਲਿਖੀਆਂ..ਫਿਰ ਮੈਂ...ਫਿਰ ਦੀਦੀ ਨੇ..ਫਿਰ ਮੈਂ..ਇਸ ਤਰਾਂ ਇਹ ਸਿਲਸਿਲਾ ਚਲਦਾ ਰਿਹਾ ਤੇ ਇੱਕ ਲੰਬੀ ਜੁਗਲਬੰਦੀ ਹੋ ਨਿੱਬੜੀ..ਕੁਝ ਦਿਨਾਂ ਤੋਂ ਅਸੀਂ ਗੱਲ ਕਰ ਰਹੇ ਸੀ ਕਿ ਕਿਓਂ ਨਾ ਇਸਨੂੰ ਇੱਕ ਨੋਟ ਬਣਾਕੇ ਸਭ ਦੀ ਨਜ਼ਰ ਕਰੀਏ...ਸੋ,ਅੱਜ ਇਸ ਕੰਮ ਨੂੰ ਅੰਜਾਮ ਦਿੱਤਾ...ਪੜ੍ਹਕੇ ਦੱਸਣਾ ਕਿ ਕਿਵੇਂ ਲੱਗਾ ਇਹ ਸਭ ਕੁਝ....

ਧੰਨਵਾਦ ਮੇਰੇ ਦੋਸਤ ਜੱਸੀ(jassi heyr) ਦਾ ਜਿਸਦੇ ਕਰਕੇ ਇਹ ਕੁਝ pictures click ਕਰਨ ਦਾ ਸਬੱਬ ਬਣਿਆ....

main poem-
ਓਹਨਾਂ ਦਿਨਾਂ ਦੇ ਨਾਲ ਕੁਝ ਸਾਹ ਵੀ ਰੁੜ੍ਹ ਗਏ..
ਓਹ ਝੁਰੜੀਆਂ ਵਾਲੇ ਚੇਹਰੇ,ਕਦੇ ਨਾ ਮੁੜ ਪਏ..

ਚੱਲ ਅੜਿਆ,ਓਹਨਾਂ ਇੱਟਾਂ,ਓਹਨਾ ਕੰਧਾਂ ਤੇ ਮਿੱਟੀ ਨੂੰ ਸਲਾਮ ਕਰ ਆਈਏ..
ਓਹਨਾਂ ਬਾਰਿਸ਼ਾਂ ਦੇ ਕੁਝ ਨਿਸ਼ਾਨ ਹੋਣਗੇ,ਚੱਲ ਝੋਲੀ ਭਰ ਲਿਆਈਏ..

ਚਾਚੇ-ਤਾਇਆਂ ਦੇ ਵੀ ਬੂਹੇ ਜਾ,ਕੁੰਡਾ ਖੜਕਾ ਆਈਏ..
ਕੀ ਪਤਾ ਫਿਰ ਕੋਈ,ਜੁੱਗ-ਜੁੱਗ ਵੱਸਣ ਦੀ ਦੁਆ ਪਾ ਆਈਏ..

ਓਸ ਚਿੜੀ ਦਾ ਕੀ ਪਤਾ ਕੋਈ ਖੰਭ ਲੱਭ ਜਾਵੇ..
ਆਟੇ ਦੀ ਹੀ ਸਹੀ,ਪਰ ਕੀ ਪਤਾ ਓਸ ਸਮੇ ਦਾ ਦੀਦਾਰ ਕਰਾਵੇ..

ਬੰਟੇ ਹਾਲੇ ਵੀ ਮਿੱਟੀ ਥੱਲੇ ਦੱਬੇ ਪਏ ਹੋਣੇ..
ਗੰਨਿਆਂ 'ਚੋਂ ਰਸ ਦੀ ਥਾਂ,ਸ਼ਾਇਦ ਗੁੜ ਚੋਣੇ..

ਸਾਇਕਲ ਦਾ ਟੁੱਟਾ ਚੱਕਾ,ਖੂੰਜੇ ਲੱਗਾ ਪਿਆ ਹੋਣਾ..
ਸਮੇ ਨਾਲ ਹੀ ਸੱਭੇ ਰੰਗ ਉੱਡ ਗਏ ਕੀ ਪਾਉਣਾ ਕੀ ਖੋਣਾ..

ਚੱਲ ਫਿਰ ਲੱਭੀਏ ਜਾ,ਸਾਂਝਾਂ ਨੂੰ,ਕਾਗਜ਼ ਦੇ ਜਹਾਜ਼ ਨੂੰ..
ਚੱਲ ਵੀਰੇ, ਕੰਨ ਤਰਸ ਗਏ,ਦਾਦੇ-ਨਾਨੇ ਦੀ ਆਵਾਜ਼ ਨੂੰ...----ਸੀਮਾ ਗਰੇਵਾਲ 

ਓਹ ਝੁਰੜੀਆਂ ਵਾਲੇ ਚੇਹਰੇ,ਕਦੇ ਨਾ ਮੁੜ ਪਏ...(mammi de dadi ji)

ਪਿੰਡ ਦੀ ਮਿੱਟੀ ਪਿੰਡ ਦਾ ਪਾਣੀ 
ਬੋਲ ਤੇਰੇ ਤਾਂ ਪਿੰਡ ਦੇ ਹਾਣੀ
ਬਾਲਾਂ ਦੀ ਮਨਚਲੀ ਓਹ ਢਾਣੀ
ਮਨਮਰਜ਼ੀ ਦੀ ਚਾਦਰ ਤਾਣੀ
ਪਿੰਡ ਦੀ ਜੂਹ ਦੀ ਮਹਿਕਰ ਆਈ 
ਤੂੰ ਭੈਣੇ ਕਵਿਤਾ ਦੀ ਰਾਣੀ......
ਫੇਸਬੁੱਕ ਦੇ ਪਿੰਡੇ 'ਤੇ ਅੱਜ 
ਪਿੰਡ ਦੀ ਵਾਹੀ ਖੂਬ ਕਹਾਣੀ !!...---ਹਰਮਨ 

ਚੱਲ ਵੀਰੇ ਚੱਲੀਏ ਓਸ ਜਨਮ ਦੀ ਜੂਹੇ
ਜਿਸਦੀ ਮਿੱਟੀ ਚੁੰਮਣ ਨੂੰ ਤਰਸਦੀ ਰੂਹ ਏ
ਜਦ ਮੈਂ ਤੇ ਤੂੰ ਸਾਂ ਇੱਕ ਅੰਮਾ ਦੇ ਜਾਏ
ਤੇ ਏਸ ਜਨਮ ਲਭਦੇ ਫਿਰਦੇ ਲਫਜ਼ਾਂ 'ਚੋਂ ਸਾਏ..
ਚੱਲ ਵੀਰੇ..----ਸੀਮਾ ਗਰੇਵਾਲ 

ਰਾਹੇ-ਰਾਹੇ ਜਾਂਦੇ ਜਾਂਦੇ ਲੱਭ ਹੀ ਲਏ 
ਆਪਾਂ ਇਹ ਸਾਏ..ਇੱਕ-ਦੂਜੇ ਦੇ 
ਸਾਏ ਛਾਂਵੇ ਚੱਲ ਭੈਣੇ ਪਿੰਡ ਚੱਲੀਏ..
ਚੱਲ ਭੈਣੇ..----ਹਰਮਨ

ਵੀਰੇ ਕਰੀਂ ਪੈੜਾਂ ਮੇਰੀਆਂ ਦੀ ਰਾਖੀ..
ਆ ਇਸ ਵਾਰ ਪਿੰਡ ਦੀ ਵੇਖੀਏ ਵਿਸਾਖੀ..
ਪਿੰਡ ਦੀ ਮਹਿਕ ਦੀ ਮਿੱਠੀ ਜਲੇਬੀ ਖਾ ਕੇ
ਕਿਸੇ ਦੀ ਚੁੰਨੀ ਸੰਗ ਹੱਥ ਪੂੰਝੀਏ ਲੁਕਾ ਕੇ..
ਚੱਲ ਵੀਰੇ..----ਸੀਮਾ ਗਰੇਵਾਲ

ਕੋਟਲਾ ਛ੍ਪਾਕੀਆਂ..ਹਾਏ ਓਹ ਵਿਸਾਖੀਆਂ..
ਕੀਤੀਆਂ ਚਲਾਕੀਆਂ..ਗੋਹੇ ਦੀਆਂ ਪਾਥੀਆਂ..
ਅੱਜ ਫਿਰ ਭੈਣੇ ਰੰਗਾਂ ਕੋਲੇ ਜਾਕੇ ਝੁਰਮਟ ਪਾਈਏ..
ਚੱਲ ਭੈਣੇ ਆਪਾਂ ਪਿੰਡ ਹੋ ਆਈਏ..
ਚੱਲ ਭੈਣੇ..---ਹਰਮਨ 

clicked by seema didi..

ਬਾਂਦਰ-ਕਿੱਲਾ ਵੀ ਰਲ-ਮਿਲ ਖੇਡ ਕੇ ਆਉਣਾ..
ਫਿਰ ਤਾਰਿਆਂ-ਰੰਗੀ ਛੱਤ ਥੱਲੇ ਸੌਣਾ..
ਸੁਣਾਂਗੇ ਬਾਤ ਰੂਪ-ਬਸੰਤ ਵਾਲੀ ਬੁੱਢੀ ਬੇਬੇ ਤੋਂ..
ਪਰ ਹੁਣ ਕਿਵੇਂ ਲੱਭੀਏ ਆਵਾਜ਼ਾਂ ਪੁਰਾਨੀ ਸਵਾਤ 'ਚੋਂ..
ਪਰ ਫਿਰ ਵੀ ਵੀਰੇ ਇੱਕ ਹੀਲਾ ਜਿਹਾ ਕਰ ਆਈਏ..
ਓਹ ਤੌੜਾ ਖਾਲੀ ਪਿਆ ਹੋਣਾ ਏ ਚੱਲ ਭਰ ਆਈਏ..
ਚੱਲ ਵੀਰੇ..---ਸੀਮਾ ਗਰੇਵਾਲ 

ਕੰਨਾਂ ਵਿੱਚ ਗੂੰਜਣੀਆਂ ਗੱਲਾਂ ਓਹ ਦੁਬਾਰਾ..
ਜਦੋਂ ਅੱਖਾਂ ਅੱਗੇ ਆਊਗਾ ਸਵਾਤ ਦਾ ਨਜ਼ਾਰਾ..
ਅੱਜ ਫਿਰ ਓਸੇ ਨਿੰਮ 'ਤੇ ਚੜ੍ਹਨਾ ਜਿਥੇ 
ਟੁੱਟੀ ਸੀ ਮੇਰੀ ਬਾਂਹ ਭੈਣੇ..
ਹਾਂ....ਹਾਂ...ਕੋਠੇ ਚੜ੍ਹਕੇ ਮਾਣਾਂਗੇ ਆਪਾਂ 
ਤਾਰਿਆਂ ਵਾਲੀ ਛਾਂ ਭੈਣੇ..
ਪਾਣੀ ਦੇ ਲਿਫਾਫੇ ਭਰਕੇ 
ਇੱਕ-ਦੂਜੇ 'ਤੇ ਸੁੱਟਦੇ ਸੀ..
ਨਾ ਬੋਝ ਸੀ ਦੁਨੀਆਦਾਰੀ ਦਾ 
ਬੱਸ ਹਰਦਮ ਮੌਜਾਂ ਲੁੱਟਦੇ ਸੀ..
ਅੱਜ ਅਮਰੂਦਾਂ ਦੇ ਬੂਟੇ ਤੋਂ 
ਚੱਲ ਤੋਤੇ ਫੇਰ ਉੜਾ ਆਈਏ..
ਚੱਲ ਭੈਣੇ..----ਹਰਮਨ

ਯਾਦ ਹੈ ਤੈਨੂੰ ਨਲਕਾ ਗੇੜਨ ਦੀ ਵਾਰੀ ਜਦੋਂ ਲਗਦੀ ਸੀ..
ਯਾਦ ਹੈ ਜਦ ਮੈਂ ਕਰ ਬਹਾਨਾ ਕੰਮੋਂ ਭੱਜਦੀ ਸੀ..
ਯਾਦ ਹੈ ਜਦੋਂ ਨਿੰਮ 'ਤੇ ਪਾਈ ਪੀਂਘ ਦੀ ਰੱਸੀ ਟੁੱਟ ਗਈ 
ਯਾਦ  ਹੈ ਓਸ ਦਿਨ ਡਿੱਗ ਮੈਂ ਗਾਰੇ 'ਚ ਗੜੁੱਚ ਗਈ..
ਜਦੋਂ ਤੂੰ ਰਲ ਨਿਆਣਿਆਂ ਨਾਲ ਮੇਰੀ ਹਾਸੀ ਉੜਾਈ ਸੀ..
ਯਾਦ ਹੈ ਜਦੋਂ ਮੈਂ ਤੈਨੂੰ ਬੇਬੇ ਤੋਂ ਕੁੱਟ ਪਵਾਈ ਸੀ..
ਆ ਅੱਜ ਫੇਰ ਓਸ ਕੁੱਟ ਦਾ ਨਿੱਘਾ ਸੇਕ ਜਿਹਾ ਖਾ ਆਈਏ..
ਚੱਲ ਵੀਰੇ ਇੱਕ ਵਾਰ ਫਿਰ ਓਸੇ ਪਿੰਡ ਹੋ ਆਈਏ..
ਚੱਲ ਵੀਰੇ..---ਸੀਮਾ ਗਰੇਵਾਲ

ਚੁੱਲ੍ਹੇ ਦਾ ਨਿੱਘ ਵੀ ਮਾਣ ਆਈਏ 
ਜਿਥੇ ਅੰਮੀ ਫੁਲਕੇ ਲਾਹੁੰਦੀ ਸੀ..
ਮੈਂ ਓਹਦੀ ਬੁੱਕ੍ਲੇ ਜਾ ਵੜਦਾ..
ਤੂੰ ਨੇੜੇ ਪੀੜ੍ਹੀ ਡਾਹੁੰਦੀ ਸੀ..
ਤੂੰ ਕੋਮਲ ਕੋਮਲ ਹੱਥਾਂ ਸੰਗ
ਚੁੱਲੇ ਸਿੱਕਰੀਆਂ ਪਾਉਂਦੀ ਸੀ..
ਅੰਮੀ ਦੇ ਬਿਨ-ਕਹਿਆਂ ਭੈਣੇ
ਚੱਕ ਫੂਕਣੀ ਅੱਗ ਮ੍ਘਾਉਂਦੀ ਸੀ..
ਧੂੰਏਂ ਸੰਗ ਅੱਖ ਮਚਾਉਂਦੀ ਸੀ..
ਦੇਸੀ ਘਿਓ ਦੀ ਕੁੱਟ ਚੂਰੀ 
ਮਾਂ ਰੀਝਾਂ ਨਾਲ ਖਵਾਉਂਦੀ ਸੀ..
ਕਿੰਨਾਂ ਲਾਡ ਲਡਾਉਂਦੀ ਸੀ...

ਬੇਰ ਤੂਤੀਆਂ ਵੇਖ-ਵੇਖ ਕੇ 
ਚੜ੍ਹਦੀ ਬੜੀ ਖੁਮਾਰੀ ਸੀ..
ਯਾਦ ਹੈ ਆਪਾਂ ਰਲਕੇ ਦੋਵਾਂ 
ਡਾਕੀਏ ਦੀ ਨਕਲ ਉਤਾਰੀ ਸੀ..
ਫਿਰ ਓਹਨੂੰ ਗੁੱਸਾ ਆ ਗਿਆ ਸੀ..
ਜਾ ਬਾਪੂ ਜੀ ਨੂੰ ਦੱਸਿਆ ਸੀ..
ਆਪਾਂ ਵਰੋਲੇ ਹੋ ਗਏ ਸੀ...
ਅੱਖਾਂ ਤੋਂ ਓਹਲੇ ਹੋ ਗਏ ਸੀ..
ਫਿਰ ਸ਼ਾਮੀਂ ਡੰਡਾ ਫਿਰਿਆ ਸੀ..
ਆਪਣਾ ਚਿੱਤ ਡਾਢਾ ਘਿਰਿਆ ਸੀ..
ਫਿਰ ਅੰਮੀ ਆਣ ਬਚਾਇਆ ਸੀ..
ਘੁੱਟ ਸੀਨੇ ਦੇ ਨਾਲ ਲਾਇਆ ਸੀ..
ਆਪਾਂ ਕਮਰੇ ਦੇ ਵਿੱਚ ਵੜ ਭੈਣੇ 
ਰੱਬ ਅੱਗੇ ਅਰਜ਼ ਉਚਾਰੀ ਸੀ ਕੇ 
ਓਹਨੂੰ ਹਲਕਿਆ ਕੁੱਤਾ ਵੱਢ ਜਾਵੇ..
ਓਹਦਾ ਨਾ ਕੱਖ ਵੀ ਛੱਡ ਜਾਵੇ..
ਬਾਪੂ ਜੀ ਨੇ ਇਹ ਸਭ ਤੱਕ ਲਿਆ ਸੀ 
ਓਹ ਮਾਰ ਠਹਾਕਾ ਹੱਸੇ ਸੀ..
ਪਰ ਆਪਾਂ ਬਾਹਰ ਨੂੰ ਨੱਸੇ ਸੀ...
ਹਾ-ਹਾ -ਹਾ--
ਅੱਜ ਹਵਾ 'ਚ ਤਰਦੇ ਬੋਲਾਂ ਨੂੰ 
ਮਲਕੜੇ ਜਿਹੇ ਆਪਾਂ ਛੋ ਆਈਏ..
ਚੱਲ ਭੈਣੇ ਆਪਾਂ ਪਿੰਡ ਹੋ ਆਈਏ..
ਚੱਲ ਭੈਣੇ..---ਹਰਮਨ

ਜਦੋਂ ਮੈਂ ਤੇਰਾ ਬਾਹਟੀਆਂ ਦਾ ਭਰਿਆ ਬੁੱਕ ਸੀ ਡੁਲ੍ਹਾ ਦਿੱਤਾ..
ਜਦੋਂ ਤੂੰ ਝੂਠਾ ਭੂਤ-ਭੂਤ ਦਾ ਰੌਲਾ ਪਾ ਦਿੱਤਾ..
ਯਾਦ ਹੈ ਕਿਵੇਂ ਤੂੰ ਲੁਕ ਕੇ ਤੀਆਂ ਵੇਖਣ ਆਉਂਦਾ ਸੀ
ਯਾਦ ਹੈ ਕੁੜੀਆਂ ਵਾਂਗੂੰ ਲੈ ਚੁੰਨੀ ਝੂਮਰ ਪਾਉਂਦਾ ਸੀ..
ਹਾਏ ਮੈਂ ਓਹੀ ਹਾਸੇ-ਠੱਠੇ ਫੇਰ ਵੇਖਣੇ..
ਚੱਲ ਵੀਰਾ ਮੈਂ ਓਹਨਾਂ ਥਾਵਾਂ ਨੂੰ ਨੇ ਮੱਥੇ ਟੇਕਣੇ..
ਚੱਲ ਵੀਰੇ..---ਸੀਮਾ ਗਰੇਵਾਲ 

ਤੂੰ ਖੰਬਾਂ ਤੋਂ ਬੜਾ ਡਰਦੀ ਸੀ..ਜਾ ਅੰਮੀ ਕੋਲੇ ਖੜਦੀ ਸੀ..
ਮੈਂ ਹੱਥ ਵਿੱਚ ਖੰਭ ਨੂੰ ਫੜ ਭੈਣੇ ਤੇਰੇ ਪਿਛੇ-ਪਿਛੇ ਪੈ ਗਿਆ ਸੀ.
ਮੈਨੂੰ ਯਾਦ ਹੈ ਓਹ ਵੇਲਾ ਭੈਣੇ ਘਰ ਦੇ ਵਿੱਚ ਰੌਲਾ ਪੈ ਗਿਆ ਸੀ..
ਭੈਣੇ ਤੂੰ ਕੰਬਣ ਲੱਗੀ ਸੀ ਮੈਂ ਤੈਨੂੰ ਬੜਾ ਡਰਾਉਂਦਾ ਸੀ..
ਮੈਂ ਵੀ ਕਿੰਨਾ ਮੂਰਖ ਸੀ..ਤੈਨੂੰ ਸਾਰਾ ਦਿਨ ਸਤਾਉਂਦਾ ਸੀ..
ਤੈਨੂੰ ਚੜ੍ਹ ਆਇਆ ਸੀ ਬੁਖਾਰ ਓਦੋਂ..
ਮੈਨੂ ਪਈ ਸੀ ਡਾਢੀ ਮਾਰ ਓਦੋਂ..
ਫਿਰ ਮੈਂ ਵੀ ਰੋਵਣ ਲੱਗ ਪਿਆ ਸੀ..
ਤੇਰੇ ਕੋਮਲ-ਕੋਮਲ ਮੁੱਖ ਉੱਤੇ
ਮੇਰੇ ਮੋਹ ਦਾ ਸੂਰਜ ਮਘ ਪਿਆ ਸੀ..
ਤੂੰ ਰੋਂਦੀ-ਰੋਂਦੀ ਨੇ ਭੈਣੇ ਮੈਨੂੰ 
ਆਣ ਕੇ ਆਪ ਵਰਾਇਆ ਸੀ..
ਆਣ ਕੇ ਆਪ ਵਰਾਇਆ ਸੀ..
ਆਣ ਕੇ ਆਪ ਵਰਾਇਆ ਸੀ..
ਮੈਂ ਵੀ ਓਹ ਹਾਸੇ-ਰੋਣੇ ਨੇ ਵੇਖਣੇ..
ਚੱਲ ਭੈਣੇ ਓਹਨਾਂ ਥਾਵਾਂ ਨੂੰ ਮੈਂ 
ਵੀ ਨੇ ਮੱਥੇ ਟੇਕਣੇ...
ਚੱਲ ਭੈਣੇ..----ਹਰਮਨ               

ਯਾਦ ਹੈ ਤੈਨੂ ਮਸਰ-ਮਾਤਾ ਨਿੱਕਲ ਆਈ ਸੀ..
ਯਾਦ ਹੈ ਮੈਂ ਤੇਰੇ ਸਿਰਹਾਣੇ ਮੰਜੀ ਡਾਹੀ ਸੀ..
ਹਰ ਵੇਲੇ ਸਾਂ ਤੇਰਾ ਮੁੱਖ ਸਾਂ ਤੱਕਦੀ ਰਹਿੰਦੀ..
ਮੇਰੇ  ਵੀਰ ਨੂੰ ਰਾਜ਼ੀ ਕਰਦੇ ਸਾਂ ਰੱਬ ਨੂੰ ਕਹਿੰਦੀ..
ਹਾਏ ਓਹ ਮੰਜਿਆਂ ਦਾ ਘਰ ਬਣਾਕੇ ਘਰ-ਘਰ ਖੇਡਣਾ...
ਓਹ ਬੇਬੇ ਦਾ ਕਿਸੇ ਦੇ ਘਰ ਲੱਸੀ ਲੈਣ ਨੂ ਭੇਜਣਾ..
ਛੱਪੜਾਂ ਦੇ ਕੰਢੇ ਜਾ ਗਿੱਲੀ ਮਿੱਟੀ ਦੇ ਘਰ ਬਣਾ ਆਈਏ..
ਚੱਲ ਵੀਰੇ ਇੱਕ ਵਾਰੀ ਬੱਸ ਇਕ ਵਾਰੀ ਪਿੰਡ ਨੂੰ ਜਾ ਆਈਏ..
ਚੱਲ ਵੀਰੇ..---ਸੀਮਾ ਗਰੇਵਾਲ

clicked by seema didi..

ਯਾਦ ਹੈ ਤਾਈ ਹ੍ਮੀਰੋ ਕੋਠੇ ਮਿੱਟੀ ਲਾਵਣ ਆਈ ਸੀ..
ਆਪਾਂ ਵੀ ਚੁੱਕ-ਚੁੱਕ ਬੱਠਲ ਓਦੋਂ ਕਿੰਨੀਂ ਖੁਸ਼ੀ ਕਮਾਈ ਸੀ..
ਓਹ ਵਕਤਾਂ ਹੱਥੋਂ ਮਾਰੀ ਸੀ..ਫਿਰ ਵੀ ਆਪਨੇ ਵੱਲ ਹੱਸਦੀ ਸੀ..
ਚਹੁੰ-ਕੂਟੀਂ ਖੇੜਾ ਭੌਂਦਾ ਸੀ..ਖੁਸ਼ੀਆਂ ਦੀ ਮਹਿਕਰ ਵੱਸਦੀ ਸੀ..
ਮਿੱਟੀ ਦੇ ਵਿੱਚ ਭੈਣ ਮੇਰੀ ਸਾਰਾ ਦਿਨ ਟੋਏ ਪੱਟਦਾ(ਪੁੱਟਦਾ) ਸੀ
ਤੇ ਕੁੱਜੀਆਂ ਵਿੱਚ ਪਾਣੀ ਭਰਕੇ ਟੋਇਆਂ ਦੇ ਅੰਦਰ ਦੱਬਦਾ ਸੀ..
..ਇਹ ਪਤਾ ਨੀ ਕੈਸੀ ਖੇਡ ਸੀ,ਮੈਨੂ ਸਮਝ ਨੀ ਆ ਰਹੀ...
ਖੈਰ..ਸਾਡੇ ਪਿੰਡ ਆਵਣ ਦਾ ਸੁਨੇਹਾ ਆ ਪੌਣਾਂ ਨੂੰ ਘੱਲੀਏ..
ਚੱਲ ਭੈਣੇ ਪਿੰਡ ਚੱਲੀਏ..ਚੱਲ ਭੈਣੇ..----ਹਰਮਨ       

ਯਾਦ ਹੈ ਰਲ ਸਾਰੇ ਜਦੋਂ ਛਟੀਆਂ ਦੇ ਉੱਤੇ ਟੱਪਦੇ ਸੀ..
ਵੱਡੇ ਬਾਪੂ ਜੀ ਓਦੋਂ ਕਿਵੇਂ ਗੋਡੇ-ਗੋਡੇ ਖੱਪਦੇ ਸੀ..
ਯਾਦ ਹੈ ਬੂਰੀ ਮੱਝ ਆਪਣੀ ਜਦੋਂ ਸੂਈ ਸੀ..
ਕਿਵੇਂ  ਕੁੜੀ ਹੋਣ ਨਾਤੇ ਮੈਂ ਓਹਲੇ ਜਿਹੇ ਲੁਕੋਈ ਸੀ..
ਮੈਂ ਓਸ ਵੇਹੜੇ ਜਾਣਾ ਸ਼ਾਇਦ ਜੇਰ ਓਹਦੀ ਲੱਭ ਜਾਵੇ..
ਮਿੱਟੀ ਫੋਲਦਿਆਂ ਆ ਮੇਰਾ ਓਹਤੇ ਪੱਬ ਜਾਵੇ..
ਮੈਂ ਪੋਲੇ ਜਿਹੇ ਝੁਕ ਕੇ ਓਹੋ ਮਿੱਟੀ ਵਿਚੋਂ ਚੁੱਕ ਲੈਣੀ..
ਛੱਡ ਵੀਰੇ ਇਹ ਸੀਮਿੰਟ ਦੇ ਜੰਗਲਾਂ ਦੀ ਰਹਿਣੀ-ਬਹਿਣੀ
ਚੱਲ ਮਿੱਟੀ ਦੇ ਕੁੱਜੇ ਰਿੱਝਾ ਸਾਗ ਫਿਰ ਖਾ ਆਈਏ..
ਚੱਲ ਵੀਰੇ ਪਿੰਡ ਇੱਕ ਫੇਰਾ ਜਿਹਾ ਪਾ ਆਈਏ..
ਚੱਲ ਵੀਰੇ...---ਸੀਮਾ ਗਰੇਵਾਲ  

ਤੂੰ ਨਿੱਕੇ ਨਿੱਕੇ ਹੱਥਾਂ ਸੰਗ 
ਗੁੱਡੀ ਦੇ ਵਾਲ ਸੰਵਾਰਦੀ ਸੀ..
ਸਾਰਾ ਦਿਨ ਸੀ ਭੱਜੀ ਫਿਰਦੀ 
ਤੂੰ ਰੂਹ ਆਪਨੇ ਪਰਿਵਾਰ ਦੀ ਸੀ..
ਜਦ ਮਾਂ ਤੋਂ ਗੁੱਤ ਗੁੰਦਵਾਉਣ ਲਈ
ਤੂੰ ਵਾਲਾਂ ਨੂੰ ਖਿਲਾਰਦੀ ਸੀ..
ਮੈਂ ਖਿੱਚਕੇ ਵਾਲ ਭੱਜ ਲੈਂਦਾ ਸੀ
ਤੂੰ ਵੀ ਨਾ ਮੈਥੋਂ ਹਾਰਦੀ ਸੀ..
ਪਰ ਮੈਨੂੰ ਬੜਾ ਪਿਆਰਦੀ ਸੀ..
ਸਭਨਾਂ ਤੋਂ ਵੱਧ ਪਿਆਰਦੀ ਸੀ..

ਮੇਰੀ ਨਿੱਕੀ ਜਿਹੀ ਚਿੜੀ ਸੀ ਤੂੰ
ਸਾਰਾ ਦਿਨ ਚੀਂ-ਚੀਂ ਕਰਦੀ ਰਹਿੰਦੀ ਸੀ...

ਯਾਦ ਹੈ ਕਮਰੇ ਵਿੱਚ ਪਏ ਨਰਮੇ 'ਤੇ
ਚੜ੍ਹ ਛਾਲਾਂ ਲਾਉਂਦੇ ਸੀ ..
ਹਾਂ ਛਟੀਆਂ ਉੱਤੇ ਚੜ੍ਹ ਕਿੱਦਾਂ ਫਿਰ
ਗੀਤ ਖੁਸ਼ੀ ਦੇ ਗਾਉਂਦੇ ਸੀ..
ਲੁਕਣ-ਮੀਚੀਆਂ...ਫੜਨ-ਫੜਾਈਆਂ..
ਇੱਕ-ਦੂਜੇ ਸਿਰ ਦਾਈਆਂ ਆਈਆਂ..
ਮਿੱਠੇ-ਮਿੱਠੇ ਧੋਖੇ ਕਰਕੇ 
ਡਾਢੇ ਚਤਰ ਕਹਾਉਂਦੇ ਸੀ...

ਆ ਭੈਣੇ ਆਪਾਂ ਵੇਹੜੇ ਫਿਰ 
ਅੰਬੀ ਦਾ ਬੂਟਾ ਲਾ ਆਈਏ..
ਚੱਲ ਭੈਣੇ ਪਿੰਡ ਫੇਰਾ ਜਿਹਾ ਪਾ ਆਈਏ..
ਚੱਲ ਭੈਣੇ..----ਹਰਮਨ 

ਆਪਾਂ ਮੂੰਹ-'ਨੇਹਰੇ ਲੁਕਣ ਮੀਟੀ ਖੇਡ'ਦੇ ਸੀ..
ਤੇ ਮੂੰਹ-'ਨੇਹਰੇ ਖੁਦ ਆਪਾਂ ਨੂੰ ਛੇੜਦੇ ਸੀ..
'ਚਿੱਟਿਆ ਚਟੰਗ ਕੈਸਾ ਮਿੱਠਾ ਰੰਗ' ਤੈਨੂੰ ਯਾਦ ਹੈ ਵੀਰਾ..
ਜੀਹਦੇ ਝੱਗੇ ਨੂੰ ਚਿੰਬੜੇ ਸੀ ਕਿਵੇਂ ਸਾਇਕਲ ਤੋਂ ਡਿੱਗਾ ਸੀ ਹੀਰਾ..
ਊਂਚ-ਨੀਚ ਖੇਡਣ ਵੇਲੇ ਝੂਠੇ ਚੁਬਾਰੇ ਬਣਾ ਲੈਣਾ..
ਓਹ ਚੀਕਾਂ ਰੌਲੇ ਰੱਪੇ ਸਨ ਬਾਲ-ਉਮਰ ਦਾ ਗਹਿਣਾ..
ਚੱਲ ਵੀਰੇ ਓਹਨਾਂ ਗਲੀਆਂ 'ਚ ਰੌਲਾ ਫਿਟ ਪਾ ਆਈਏ..
ਚੱਲ ਵੀਰੇ ਫਿਰ ਆਪਾਂ ਪਿੰਡ ਦਾ ਗੇੜਾ ਲਾ ਆਈਏ..
ਚੱਲ ਵੀਰੇ....----ਸੀਮਾ ਗਰੇਵਾਲ 

ਚਿੱਟੀਆਂ ਚਿੱਟੀਆਂ ਫੁੱਟੀਆਂ ਜਿਥੇ ਸੋਨੇ ਰੰਗੀਆਂ ਬੱਲੀਆਂ..
ਚੱਲ ਭੈਣੇ ਅੱਜ ਫਿਰ ਖਾਵਾਂਗੇ ਮਿੱਠੀਆਂ-ਮਿੱਠੀਆਂ ਛੱਲੀਆਂ..
ਮੱਠੀਆਂ-ਗੁਲਗੁਲੇ ਖਾਵਾਂਗੇ ਅੱਜ ਮੋਟੇ ਹੋ ਕੇ ਆਵਾਂਗੇ..
ਤਨ-ਮਨ ਨੂੰ ਜੋ ਚਿੰਬੜੀਆਂ ਸੋਚਾਂ ਨੂੰ ਦੂਰ ਭਜਾਵਾਂਗੇ..
ਅੱਜ ਮੋਟੇ ਹੋ ਕੇ ਆਵਾਂਗੇ...
ਹਾ-ਹਾ-ਹਾ..ਅੱਜ ਮੋਟੇ ਹੋਕੇ ਆਵਾਂਗੇ....

ਨਿਮੋਲੀਆਂ 'ਚ ਡੱਕੇ ਖੁਭੋ ਕੇ 
ਨਿੱਕਾ ਮੰਜਾ ਬਣਾਵਾਂਗੇ..
ਲਾਲ-ਲਾਲ ਤੂਤੀਆਂ ਦੇ 
ਰਸ ਵਿਚ ਰੰਗੇ ਜਾਵਾਂਗੇ..

ਯਾਦ ਹੈ ਅੰਮੀ ਆਪਾਂ ਨੂੰ 
ਪੁੰਗਰੇ ਹੋਏ ਛੋਲੇ ਖਵਾਉਂਦੀ ਸੀ..
ਆਪਣੀ ਸੇਹਤ ਬਣਾਉਂਦੀ ਸੀ..
ਮੈਂ ਸਿਲਤ ਜਿਹਾ ਤਾਂ ਹੁੰਦਾ ਸੀ
ਤਾਂ ਹੀ ਸਾਰੇ ਜੀਆਂ ਤੋਂ 
ਡੱਕਾ ਹੀ ਅਖਵਾਉਂਦਾ ਸੀ...

ਓਹ ਹਾਰੇ ਓਹ ਭੜੋਲੇ 
ਹਾਏ ਵਕਤ ਨੇ ਹੱਥੋਂ ਖੋਹਲੇ
ਓਹ ਛਾਬੇ ਓਹੋ ਪੋਣੇ 
ਅੱਜ ਰੋਂਦੇ ਹੋਵਣਗੇ
ਲੁਕ-ਲੁਕ ਕੰਧੋਲੀ ਓਹਲੇ..

ਅੱਜ ਫਿਰ ਓਹਨਾਂ ਨੂੰ ਆਪਣੀ 
ਸੁਖ-ਸਾਂਦ ਸੁਨਾ ਆਈਏ..
ਆਜਾ ਭੈਣੇ ਪਿੰਡ ਦਾ ਗੇੜਾ 
ਲਾ ਆਈਏ....
ਚੱਲ ਭੈਣੇ..----ਹਰਮਨ      

ਯਾਦ ਹੈ ਜਦ ਮੈਂ ਭੜੋਲੇ 'ਚ ਲੁਕ ਗਈ ਸੀ..
ਇੱਕ ਸੜੀ ਜਿਹੀ ਕੋਹੜ-ਕਿਰਲੀ ਮੇਰੇ ਉੱਤੇ ਡਿੱਗ ਪਈ ਸੀ..
ਕਿਵੇਂ ਮਾਰਕੇ ਚੀਕਾਂ ਮੈਂ ਗਵਾਂਢ 'ਕੱਠਾ ਕੀਤਾ ਸੀ..
ਓਹ ਹਾਰੇ 'ਚ ਖਲੋ ਕੇ ਗੀਤ ਗਾਉਣਾ ਜਿਹੜਾ ਹੱਡਾਂ ਨਾਲ ਬੀਤਾ ਸੀ..
ਕੰਧੋਲੀ ਤੋਂ ਬਾਟੀ ਚੁੱਕਣੇ ਨੂੰ ਪੁੱਠੀ ਪਾਥੀ ਉੱਤੇ ਖੜ ਗਈ..
ਹਾਏ ਡਿੱਗ ਕੇ ਚੁੱਲ੍ਹੇ ਵਿੱਚ ਮੇਰੀ ਕੋਮਲ ਬਾਂਹ ਸੜ ਗਈ..
ਤੂੰ ਲਿਆ ਕੇ ਓਹਦੇ ਉੱਤੇ ਦਵਾਦਵ ਸਿਆਹੀ ਜਿਹੀ ਲਗਾਈ ਸੀ..
ਜੀਹਨੇ ਫੁੱਟ ਪਏ ਛਾਲਿਆਂ 'ਤੇ ਠੰਡ ਜਿਹੀ ਪਾਈ ਸੀ..
ਛਾਬੇ ਵਿਚੋਂ ਰੋਟੀ ਚਿੱਬੜਾਂ ਦੀ ਚਟਨੀ ਨਾਲ ਹੈ ਖਾਣੀ..
ਨਾਲ ਪਿੱਤਲ ਦੇ ਗਲਾਸ 'ਚ ਪੀਣਾ ਤੌੜੇ ਦਾ ਠਰਿਆ ਪਾਣੀ..
ਨਾਲੇ ਅੱਜ ਤਾਂ ਗੁੜ ਦੀ ਚਾਹ ਵੀ ਭਰਕੇ ਗੜਬੀ ਪੀਵਾਂਗੇ..
ਅੱਜ ਫਿਰ ਵੀਰਾ ਆਪਾਂ ਓਹਨੀਂ ਰੰਗੀਂ ਰੰਗੇ ਜਾਵਾਂਗੇ..
ਵੀਰੇ ਖੌਰੇ ਓਹ ਦਵਾਤ ਕੰਧੋਲੀ ਓਹਲੇ ਹਾਲੇ ਵੀ ਪਈ ਹੋਵੇ..
ਚੱਲ ਵੀਰੇ ਵੇਖੀਏ ਛਾਬੇ 'ਚ ਨਾ ਉੱਲੀ ਲੱਗ ਗਈ ਹੋਵੇ..
ਵੇਖ ਮੇਰੇ ਕੰਨੀਂ ਪਏ ਪੈਂਦੇ ਨੇ ਬੋਲ ਓਹਨਾਂ ਟੱਲੀਆਂ ਦੇ..
ਨਰਮਾ ਚੁਗੀ ਆਉਂਦੇ ਗੱਡੀਆਂ ਦੇ ਬਲਦਾਂ ਦੇ ਬੱਲਿਆ ਵੇ..
ਚੱਲ ਵੀਰੇ ਓਹਨਾਂ ਗੱਡੀਆਂ ਤੇ ਝੂਟਾ ਜਿਹਾ ਲੈ ਆਈਏ..
ਚੱਲ ਵੀਰੇ ਪਿੰਡ ਉਡੀਕਦਾ,ਇੱਕ ਰਾਤ ਸਹੀ,ਰਹਿ ਆਈਏ..
ਚੱਲ ਵੀਰੇ..-----ਸੀਮਾ ਗਰੇਵਾਲ  

ਯਾਦ ਹੈ ਆਪਾਂ ਇੱਕ ਦਿਨ ਲੜ ਪਏ ਸੀ ਖੌਰੇ ਕੇਹੜੀ ਗੱਲੋਂ..
ਸਾਰਾ ਦਿਨ ਨੀ ਸੀ ਬੋਲੇ ਆਪਾਂ..ਸਾਰਾ ਦਿਨ..ਯਾਦ ਹੈ ?
ਹਾਂ ਸੱਚ ਆਪਾਂ ਕਿਹਾ ਸੀ ਕਿ ਹੁਣ ਨੀ ਬੋਲਦੇ ਇੱਕ-ਦੂਜੇ 
ਨਾਲ ਕਦੇ ਵੀ....ਕਿੰਨੇ ਭੋਲੇ ਸੀ ਨਾ ਆਪਾਂ..!!

ਮੈਂ ਲੁਕ-ਲੁਕ ਰੋਂਦਾ ਰਿਹਾ ਸੀ ਉਸ ਦਿਨ ਕਿ ਮੈਂ ਮੇਰੀ ਚਿੜੀ 
ਨਾਲ ਕਿਓਂ ਲੜਿਆ..ਮੈਂ ਮੇਰੀ ਚਿੜੀ ਨਾਲ ਕਿਓਂ ਲੜਿਆ..
ਤੇ ਅੰਮੀ ਨੇ ਜੋਰ ਲਾ ਲਿਆ ਸੀ ਕਿ ਹੁਣ ਬੱਸ ਵੀ ਕਰੋ..
ਕੋਈ ਤਾਂ ਗੱਲ ਹੁਣ ਹੱਸ ਵੀ ਕਰੋ...
ਪਰ ਆਪਾਂ ਟੱਸ ਤੋਂ ਮੱਸ ਨਹੀਂ ਸਾਂ ਹੋਏ..
ਮੈਨੂੰ ਪਤਾ ਅੰਦਰੋਂ-ਅੰਦਰੀਂ ਤੂੰ ਵੀ ਬੋਲਨਾ ਚਾਹੁੰਦੀ ਸੀ..
ਪਰ ਆਪਾਂ ਤਾਂ ਕਦੇ ਬੋਲਨਾ ਨੀਂ ਸੀ ਨਾ....

ਤੇ ਫੇਰ ਜਦੋਂ ਰਾਤ ਵੇਲੇ ਬਾਪੂ ਜੀ ਕੋਠੇ 'ਤੇ ਸੌਣ ਲਈ 
ਮੰਜੇ ਚੜ੍ਹਾ ਰਹੇ ਸੀ..ਤੂੰ ਪੌੜੀਆਂ 'ਚ ਬੈਠੀ ਰੋ ਰਹੀ ਸੀ 
ਮੈਨੂ ਵੇਖਦੇ ਹੀ ਤੂੰ ਚੁੱਪ ਕਰ ਗਈ ਸੀ ਕਿ ਜਿਵੇਂ ਕੁਛ 
ਹੋਇਆ ਹੀ ਨਾ ਹੋਵੇ..ਪਰ ਤੇਰੀਆਂ ਅੱਖਾਂ ਦੀ ਲਾਲੀ 'ਚੋਂ
ਮੋਹ ਦਾ ਸਾਗਰ ਛੱਲਾਂ ਮਾਰ ਰਿਹਾ ਸੀ....ਹਾਂ ਸੱਚੀਂ !!

ਤੂੰ ਚੁੱਪ ਕਰਕੇ ਮੰਜੇ ਤੇ ਲੇਟ ਗਈ ਤੇ ਮੈਂ ਵੀ ਅੰਦਰੋਂ-ਅੰਦਰੀਂ 
ਬੁਸ-ਬੁਸ ਕਰਦਾ ਤੇਰੇ ਨਾਲ ਵਾਲੇ ਮੰਜੇ 'ਤੇ ਪੈ ਗਿਆ ਸੀ..
ਯਾਦ ਹੈ ਨਾ ਤੈਨੂੰ ਭੈਣੇ...???
ਆਪਾਂ ਇੱਕ-ਦੂਜੇ ਤੋਂ ਪਾਸੇ ਮੂੰਹ ਕਰਕੇ ਟੇਢੇ ਹੋਕੇ ਲੇਟ ਗਾਏ ਸੀ
ਪਰ ਚਿੜੀਏ ਮੈਥੋਂ ਫਿਰ ਰਿਹਾ ਨਾ ਗਿਆ...ਮੈਥੋਂ ਆਪਣਾ ਆਪ 
ਰੋਕਿਆ ਨਾ ਗਿਆ....ਤੇ ਮੈਂ ਹੌਲੇ ਜਿਹੇ ਮਲਕੜੇ ਜਿਹੇ ਤੇਰੀ 
ਮਾਸੂਮ ਜਿਹੀ ਗੁੱਤ 'ਤੇ ਠੋਲਾ ਜਿਹਾ ਮਾਰਿਆ..
ਤੂੰ ਮੋਹ ਦੇ ਵੇਗ 'ਚ ਵਹਿ ਡਾਢਾ ਰੋਣ ਲੱਗੀ ਸੀ..
ਮੇਰਾ ਵੀ ਰੋਨਾ ਨਾ ਰੁਕਿਆ..ਆਪਾਂ ਇੱਕ-ਦੂਜੇ ਵੱਲ ਵੇਖ-ਵੇਖਕੇ
ਕਿੰਨਾ ਚਿਰ ਰੋਂਦੇ ਰਹੇ..ਇੱਕ ਦੂਜੇ ਦੇ ਮਨ ਨੂੰ ਟੋਂਦੇ ਰਹੇ..

ਤੇ ਫੇਰ ਤੂੰ ਥੋੜਾ ਚੁੱਪ ਕਰਕੇ ਤੇ ਜਾਣ-ਬੁਝ ਕੇ ਤੋਤਲੀ ਆਵਾਜ਼ 
ਕੱਢਕੇ ਆਖਣ ਲੱਗੀ--
''ਮੇਲਾ ਵੀਲਾ ਸਭ ਤੋਂ ਸੋਹਨਾ..
ਮੇਲਾ ਵੀਲਾ ਸਭ ਤੋਂ ਪਿਆਰਾ..
ਫਿਰ ਆਪਾਂ ਕਾਂ-ਉੱਡ ਚਿੜੀ-ਉੱਡ ਖੇਡਣ ਲੱਗੇ ਸਭ ਝਗੜੇ ਭੁੱਲਕੇ
ਖੌਰੇ ਤਾਰਿਆਂ ਦੇ ਲੋਏ ਆਪਾਂ ਕਿੰਨਾ-ਕਿੰਨਾ ਚਿਰ ਖੇਡਦੇ ਰਹੇ
ਕਦੇ ਕੁਝ ਕਦੇ ਕੁਝ ਮੰਜੇ ਤੇ ਲੇਟੇ ਲੇਟੇ...
ਫਿਰ ਅੰਮੀ ਦੀ ਆਵਾਜ਼ ਆਈ-''ਸੌਂ ਜੋ ਹੁਣ ਤੜਕੇ ਨੀਂ ਉਠਣਾ ??''
ਤੇ ਆਪਾਂ ਜੀਭਾਂ ਕੱਢਕੇ ਥੋੜਾ ਜਿਹਾ ਹੱਸੇ ਸੀ ਤੇ ਫਿਰ  ਪਤਾ
ਹੀ ਨਾ ਲੱਗਾ ਕਦੋਂ ਚੰਨ ਦੀ ਨਿਰਮਲ ਚਾਨਣੀ ਵਿਚ ਆਪਾਂ ਨੂੰ 
ਨੀਂਦ ਆ ਗਈ....ਇੱਕ ਸਕੂਨ ਦੀ ਨੀਂਦ..ਪੂਰਨਮਾਸ਼ੀ ਸੀ ਓਦਣ..
ਤੇ ਖੋ ਗਏ ਨਿੱਕੇ ਨਿੱਕੇ ਖੁਆਬਾਂ ਵਿਚ ਇੱਕ ਨਵੀਂ ਸਵੇਰ ਦੇ 
ਇੰਤਜ਼ਾਰ ਵਿਚ.....!!!!!!

ਅਗਲੇ ਦਿਨ ਆਪਾਂ ਸਕੂਲ ਗਏ ਸੀ 'ਕੱਠੇ ਹੱਸਦੇ-ਹੱਸਦੇ 
ਬੜਾ ਹੱਸੇ ਸੀ ਪਿਛਲੇ ਦਿਨ ਵਾਲੀ ਗੱਲ ਤੇ..
ਤੈਨੂੰ ਯਾਦ ਹੈ ਨਾ ਮੇਰੀਏ ਚਿੜੀਏ ?????

ਆਜਾ ਅੱਜ ਫੇਰ ਓਸੇ ਕੋਠੇ ਬਹਿ ਕੇ 
ਨਾਲੇ ਹੱਸੀਏ ਨਾਲੇ ਰੋਈਏ 
ਜਿਥੇ ਆਪਨੇ ਮਾਸੂਮ ਸੁਪਨੇ ਜਵਾਨ ਹੋਏ ਸੀ...
ਚੱਲ ਭੈਣੇ ਚੱਲ....---ਹਰਮਨ         

ਸਾਉਣ ਦੇ ਮਹੀਨੇ ਰੂੜੀਆਂ ਤੋਂ ਨਿੰਮ ਖੁਘ ਕੇ ਲਿਆਉਂਦੇ ਸੀ
ਘਰੇ ਆਕੇ ਪੁੱਟ ਮਿੱਟੀ ਨਿੰਮ ਕਿਸੇ ਕੋਨੇ ਵਿੱਚ ਲਾਉਂਦੇ ਸੀ..
ਰੋਜ਼-ਰੋਜ਼ ਵੇਖ ਓਹਨੂੰ ਦਿਨੇ ਵੀ ਤੇ ਰਾਤੀਂ  ਵੀ ਪਾਣੀ ਜਿਹਾ ਪਾਉਂਦੇ ਸੀ..
ਨਵੇਂ ਪੁੰਗਰਦੇ ਬੂਟਿਆਂ 'ਚੋਂ ਖਜ਼ਾਨੇ ਜਿਹੇ ਥਿਆਉਂਦੇ ਸੀ..
ਨੇੜੇ ਆ ਦੁਸ਼ਹਿਰੇ ਦੇ ਇੱਕ ਕੂੰਡੀ ਵਿੱਚ ਜੌਂ ਮੈਂ ਦੇਣੇ ਬੀਜ
ਦੁਸ਼ਹਿਰੇ ਵਾਲੇ ਦਿਨ ਤੇਰੇ ਸਾਫੇ ਵਿੱਚ ਟੰਗਣੇ ਨਾਲ ਬੜੀ ਰੀਝ..
ਦਿਵਾਲੀ ਵਾਲੇ ਦਿਨ ਅੱਡ-ਅੱਡ ਪਟਾਖੇ ਜਿਹੇ ਵੰਡ ਲੈਣੇ..
ਘਰੇ ਪੱਕੇ ਲੱਡੂ ਨਾਲ ਖਿਡਾਉਣੇ ਖੰਡ ਲੈਣੇ..
ਲੋਹੜੀ ਉੱਤੇ ਘਰੋਂ-ਘਰੀਂ ਮੰਗਣੀਆਂ ਹਾਏ ਪਾਥੀਆਂ..
'ਮਾਈ ਦੇ ਲੋਹੜੀ' ਦੇ ਗੀਤ ਲਾਉਣੇ ਸੰਗ ਰਲ ਸਾਥੀਆਂ..
ਰਾਤ ਆਈ ਜਾਣੀ ਲੁੱਟਣ ਦੂਜੀ ਗਲੀ ਵਾਲਿਆਂ ਦੀ ਲੋਹੜੀ 
ਹਾ-ਹਾ-ਹਾ..ਕਿਵੇਂ ਸੋਟੀ ਚੱਕ ਪੈਂਦੀ ਸੀ ਮਗਰ ਮਾਈ ਬੋਹੜੀ..
ਲਗਦਾ ਮੈਨੂੰ ਓਹ ਨਿੱਕੇ ਨਿੰਮ ਗਏ ਸੁੱਕ ਹੋਣੇ..
ਓਹ ਨਿੱਕੀਆਂ ਲੁੱਟਾਂ-ਖੋਹਾਂ ਦੇ ਹਾਲੇ ਪਏ ਹੋਣੇ ਨੇ ਰੋਣੇ..
ਜੌਂ ਜੇਹੜੇ ਮੈਂ ਪਿਛਲੀ ਵਾਰ ਲਾਉਣੇ ਗਈ ਸਾਂ ਭੁੱਲ ਵੇ..
ਓਹਨਾਂ ਦੀਆਂ ਬੱਲੀਆਂ 'ਚੋਂ ਦਾਣੇ ਹੁਣ ਨਿੱਕਲ ਗਏ ਹੋਣੇ ਡੁੱਲ੍ਹ ਵੇ..
ਚੱਲ ਵੀਰੇ ਇੱਕ ਵਾਰੀ ਓਸ ਵੇਹੜੇ ਜਾ ਝਾਤੀ ਜਿਹੀ ਪਾ ਆਈਏ..
ਚੱਲ ਵੀਰੇ ਮੇਰੇ ਸੋਹਣੇ ਪਿੰਡ ਨੂੰ ਜਾ ਆਈਏ..
ਚੱਲ ਵੀਰੇ..---ਸੀਮਾ ਗਰੇਵਾਲ

ਯਾਦ ਹੈ ਆਪਣੀ ਤਾਈ ਦੇ ਹੱਥਾਂ ਦੀ 'ਆਲੂ-ਮੇਥੇ' ਦੀ ਸਬਜ਼ੀ..?
ਕਿੰਨੀ ਸਵਾਦ ਹੁੰਦੀ ਸੀ ਨਾ...!!!
ਤਾਇਆ ਜੀ ਦਾ ਲੜਕਾ ਨਿੱਕੂ ਆਪਾਂ ਨੂ ਖਾਸ ਤੌਰ 'ਤੇ 
ਸੱਦਣ ਆਉਂਦਾ ਸੀ ਜਦੋਂ ਤਾਈ ਆਲੂ-ਮੇਥੇ ਬਣਾਉਂਦੀ ਸੀ..
ਆਪਣੇ ਹੱਥਾਂ ਨਾਲ ਖਵਾਉਂਦੀ ਸੀ..ਚਾਵਾਂ ਨਾਲ ਖਵਾਉਂਦੀ ਸੀ..
ਤੈਨੂੰ ਯਾਦ ਹੈ ਇੱਕ ਵਾਰ ਤਪਦੇ ਹਾੜ੍ਹ ਵਿੱਚ ਆਪਾਂ 
ਜਾਣ-ਬੁਝ ਕੇ ਸਵੈਟਰ ਪਾਕੇ ਬਾਹਰ ਖੇਡਣ ਚਲੇ ਗਏ ਸੀ..
ਅੰਮੀ ਨੇ ਕਿੰਨਾ ਡਾਂਟਿਆ ਸੀ...ਹਾ - ਹਾ - ਹਾ.......
ਹਾਏ ਓਹ ਡਾਂਟਾਂ ਹੁਣ ਵੀ ਪੈ ਜਾਣ...
ਜਦੋਂ ਮੈਂ ਗੁਲਖਹਿਰੇ ਦੇ ਬੂਤੇ ਦੀਆਂ ਡੋਡੀਆਂ ਤੋੜ ਦਿੱਤੀਆਂ ਸੀ
ਪੈਰਾਂ ਹੇਠ ਮਸਲ ਦਿੱਤੀਆਂ ਸੀ..ਮੈਨੂੰ ਕਿੰਨੀ ਮਾਰ ਪਈ ਸੀ..
ਫੇਰ ਮੇਰੀ ਚਿੜੀ ਨੇ..ਮੇਰੀ ਕਾਟੋ ਨੇ ਬਚਾਇਆ ਸੀ ਮੈਨੂੰ...
ਓਸ ਤੋਂ ਬਾਅਦ ਮੈਂ ਕਿਸੇ ਬੂਟੇ ਨੂੰ ਨੁਕਸਾਨਿਆ ਨਹੀਂ ਸੀ..
ਓਹ ਪੀਚੋ ਦੀ ਖੇਡ ਯਾਦ ਹੈ ???
ਦੁਪਹਿਰ ਤੋਂ ਸ਼ਾਮ ਤਾਈਂ ਖੇਡਦੇ ਸੀ ਆਪਾਂ ਠੱਠਾ-ਪੀਚੋ..
ਕਦੇ ਕੋਈ ਕਦੇ ਕੋਈ...ਮੈਂ ਅੱਜ ਵੀ ਖੇਡਣਾ..:))
ਹਾਂ ਸੱਚ !! ਇੱਕ ਵਾਰੀ ਮੈਂ ਅੰਮੀ ਤੋਂ ਚੋਰੀ 
ਕਢਾਏ ਹੋਏ ਬਿਸਕੁਟਾਂ ਵਾਲੇ ਪੀਪੇ ਦਾ ਜੰਦਰਾ 
ਤੋੜਨ ਲੱਗਾ ਸੀ ਕੋਠੜੀ ਵਿੱਚ..
ਜਦੋਂ ਪਤਾ ਲੱਗਾ ਕਿ ਅੰਮੀ ਆ ਰਹੇ ਨੇ, ਮੈਂ ਭੱਜ ਕੇ 
ਆਟੇ ਵਾਲੀ ਪੇਟੀ 'ਚ ਲੁਕ ਗਿਆ ਸੀ..
ਤੇ ਪਿਆਰੀਏ ਗੁੱਡੀਏ ਤੂੰ ਸਭ ਕੁਝ ਜਾਣਦਿਆਂ ਵੀ 
ਅੰਮੀ ਨੂੰ ਕੁਝ ਨੀਂ ਦੱਸਿਆ...ਕਿੰਨੇ ਪਿਆਰੇ ਦਿਨ ਸੀ ਨਾ ਓਹ ??
ਇੱਕ ਵਾਰ ਮੈਂ ਜਦੋਂ ਅਜੇ ਪੜ੍ਹਨਾ ਨੀ ਸੀ ਸਿੱਖਿਆ..
ਤੂੰ ਤਾਂ ਸਿੱਖ ਗਈ ਸੀ...ਓਦੋਂ ਅਖਵਾਰ ਦੇ ਬਾਲ-ਪੰਨੇ 'ਤੇ
ਸ਼ੇਰ-ਚੂਹੇ ਵਾਲੀ ਕਹਾਣੀ ਆਈ ਸੀ...ਮੈਂ ਜੋਰ ਲਾ ਲਿਆ ਸੀ
ਕਿੰਨੇ  ਹਾੜ੍ਹੇ ਕੱਢੇ ਸੀ..ਪਰ ਤੂੰ ਕਹਾਣੀ ਨੀਂ ਸੀ ਸੁਣਾਈ..
ਪਹਿਲਾਂ ਮੈਥੋਂ ਮੁਸੰਮੀਆਂ ਦੇ ਬੂਟੇ ਥੱਲੇ ਪਏ ਪੱਤੇ ਚੁਗਾਏ ਸੀ..
ਫੇਰ ਕਿਤੇ ਜਾਕੇ ਮੈਨੂੰ ਕਹਾਣੀ ਸੁਣਾਈ ਸੀ...
ਬਦਮਾਸ਼ ਚਿੜੀ !!!!!!!
ਚੱਲ ਅੱਜ ਫਿਰ ਜਗਦੀਸ਼ੇ ਬਾਣੀਏ ਦੀ ਹੱਟੀ ਤੋਂ
ਰੱਖੜੀਆਂ ਲੈਣ ਚੱਲੀਏ..
ਚੱਲ ਭੈਣੇ..----ਹਰਮਨ                   

ਓਹ ਮੇਰੀ ਪੀਚੋ-ਬੱਕਰੀ ਦੀ ਗੀਟੀ ਕਿਤੇ ਤੂੰ ਤਾਂ ਨੀਂ ਰੱਖ ਲਈ..
ਉੱਬਲੀਆਂ ਬੱਕਲੀਆਂ ਦੀ ਬੁੱਕ ਕਿਤੇ ਤੂੰ ਹੀ ਤਾਂ ਨੀਂ ਫੱਕ ਲਈ..
ਹਾਏ ਮੇਰੇ ਚਿੱਟੇ-ਪੱਥਰ ਦੇ ਡਲੇ ਵੀ ਗੁਆਚ ਗਏ..
ਕਿਤੇ ਚੁੱਕ ਕੇ ਤਾਂ ਨੀਂ ਲੈ ਗਵਾਂਢੀਆਂ ਦੇ ਜਵਾਕ ਗਏ..
ਮੇਰੇ ਪਟੋਲੇ ਤੂੰ ਹੀ ਪਾੜ ਦਿੱਤੇ ਹੋਣੇ ਪਤਾ ਮੈਨੂੰ
ਤੇਰੀ ਪਤੰਗ ਮੈਂ ਸਾਂਭ-ਸਾਂਭ ਰਖਦੀ ਸੀ ਯਾਦ ਤੈਨੂੰ..
ਆਥਣ-ਆਥਣ ਤੱਕ ਤੋਂ ਕੋਠੇ ਤੋਂ ਨੀ ਉੱਤਰਦਾ ਸੀ..
ਕਰਕੇ ਖਰਾਬੀ ਕੋਈ ਖੜ੍ਹੇ-ਖੜ੍ਹੇ ਮੁੱਕਰਦਾ ਸੀ..
ਓਹ ਕਾਲੀ-ਬੋਲੀ 'ਨੇਹਰੀ ਜਦੋਂ ਚੜ੍ਹ ਆਉਂਦੀ ਸੀ ਯਾਦ ਏ ਤੈਨੂੰ..
''ਜੇਠੀ ਹੈਂ ਕੁੜੇ ਪੜ੍ਹ ਮੰਤਰ'' ਤਾਈ ਕਹਿੰਦੀ ਸੀ ਮੈਨੂੰ
ਹਾਏ ਨਿੱਕੀ ਜੀ ਸੀ ਮੈਂ ਮੈਨੂੰ ਸ਼ਰਮ ਬੜੀ ਆਉਂਦੀ ਸੀ..
ਦੇਕੇ ਲਾਲਚ ਗੁਲਗੁਲਿਆਂ ਦਾ ਸੱਭੇ ਕੁਝ ਓਹ ਕਰਾਉਂਦੀ ਸੀ..
ਚੱਲ ਵੇਖ ਆਈਏ ਕਿਤੇ ਪਟੋਲਿਆਂ ਦੀ ਲੀਰ ਥਿਆ ਜਾਵੇ..
ਲੋਈ ਤਾਣ ਕੇ ਜਾਵਾਂਗੇ ਕਿਤੇ ਕਾਲੀ-ਬੋਲੀ 'ਨੇਹਰੀ ਨਾ ਆ ਜਾਵੇ..----ਸੀਮਾ ਗਰੇਵਾਲ  


ਆਹ ਆ ਗਿਆ ਆਪਣਾ ਪਿੰਡ ਭੈਣੇ..
ਤੱਕ ਬਲਦਾਂ ਦੇ ਗਲ ਟੱਲੀਆਂ ਨੂੰ.. 
ਓਹ ਵੇਖ ਪੁਰਾਣੀ ਟਿੰਡ ਭੈਣੇ..
ਹਾਏ ਜੰਡ,ਕਰੀਰਾਂ,ਰਿੰਡ ਭੈਣੇ..
ਆਹ ਆ ਗਿਆ ਆਪਣਾ ਪਿੰਡ ਭੈਣੇ..
ਓਹ ਵੇਖ ਸੁਨਹਿਰੀ ਕਣਕਾਂ ਨੂੰ
ਗਈ ਮਹਿਕਰ ਕਿੱਦਾਂ ਖਿੰਡ ਭੈਣੇ.
ਲੈ ਆ ਗਿਆ ਆਪਣਾ ਪਿੰਡ ਭੈਣੇ..
ਆਹ ਓਹੀ ਕੱਚਾ ਰਸਤਾ ਹੈ 
ਜਿਥੋਂ ਮੇਲਾ ਵੇਖਣ ਜਾਂਦੇ ਸੀ..
ਕਰ-ਕਰ ਕਰ ਡਾਢੀ ਹਿੰਡ ਭੈਣੇ..
ਲੈ ਆ ਗਿਆ ਆਪਣਾ ਪਿੰਡ ਭੈਣੇ..
ਬਾਪੂ ਜੀ ਦੀ ਉਂਗਲੀ ਫੜ ਆਪਾਂ 
ਫੁੱਲੇ ਨਹੀਂ ਸਮਾਂਦੇ ਸੀ..
ਹਾਏ ਮੇਲਾ ਵੇਖਣ ਜਾਂਦੇ ਸੀ..
ਓਹ ਪਿੱਪਲਾਂ ਹੇਠਾਂ ਭੈਣੇ ਨੀਂ 
ਹੁੰਦੀਆਂ ਸੀ ਤੀਆਂ ਲਗਦੀਆਂ..
ਤੂੰ ਤੇ ਤੇਰੀਆਂ ਸਖੀਆਂ ਨੀਂ
ਸੀ ਕਿੰਨਾ ਕਿੰਨਾ ਫੱਬਦੀਆਂ..
ਐਥੇ ਗੁੱਡੀ ਫੂਕਣ ਆਉਂਦੇ ਸੀ
ਮੀਂਹ-ਮੀਂਹ ਦੀ ਰੱਟ ਲਗਾਉਂਦੇ ਸੀ..
ਰੱਬ ਦੀ ਅੱਖੋਂ ਹੰਝ ਡਿੱਗ ਜਾਏ
ਬੱਸ ਇਹੀ ਹੋਣਾ ਚਾਹੁੰਦੇ ਸੀ..
ਐਥੇ ਗੁੱਡੀ ਫੂਕਣ ਆਉਂਦੇ ਸੀ..
ਐਥੇ ਮਾਈ ਛੋਲੇ ਭੁੰਨਦੀ ਸੀ 
ਆਪਾਂ ਮਾਰਕੇ ਫੱਕੇ ਖਾਂਦੇ ਸੀ..
ਹੱਸਦੇ-ਹੱਸਦੇ ਘਰ ਜਾਂਦੇ ਸੀ..
ਐਥੇ ਇੱਕ ਬੇਰੀ ਹੁੰਦੀ ਸੀ 
ਜੀਹਦੇ ਮਿੱਠੇ-ਮਿੱਠੇ ਬੇਰ ਭੈਣੇ..
ਲਾਹ-ਲਾਹ ਲਾਉਂਦੇ ਸੀ ਢੇਰ ਭੈਣੇ..
ਓਹ ਸ਼ਾਮਲਾਟ ਦੇ ਵਿੱਚ ਭੈਣੇ 
ਆਪਾਂ ਕਿੰਨਾ-ਕਿੰਨਾ ਖੇਡਦੇ ਸੀ..
ਆਪਾਂ ਨਿੱਕੇ-ਨਿੱਕੇ ਖਾਬਾਂ ਨੂੰ
ਕਦੇ ਉਣਦੇ ਕਦੇ ਉਧੇੜਦੇ ਸੀ..
ਓਹ ਗੁੱਗੇ ਵਾਲਾ ਪੀਰ ਭੈਣੇ..
ਟੋਭੇ ਦਾ ਝੱਲਾ ਨੀਰ ਭੈਣੇ..
ਆਹ ਰਾਹ ਤਾਂ ਖੇਤ ਨੂੰ ਜਾਂਦਾ ਏ
ਹਾਂ..ਰਾਹ ਖੇਤ ਨੂੰ ਜਾਂਦਾ ਏ..
ਬਾਪੂ ਜੀ ਸਾਇਕਲ ਚਲਾਉਂਦੇ ਸੀ..
ਪੱਠਿਆਂ ਨੂੰ ਖੇਤੀਂ ਜਾਂਦੇ ਸੀ..
ਮੈਂ ਡੰਡੇ ਉੱਤੇ ਬਹਿੰਦਾ ਸੀ..
ਸੁਰਗਾਂ ਦਾ ਝੂਟਾ ਲੈਂਦਾ ਸੀ..

ਇੱਕ ਦਿਨ ਮੇਰਾ ਪੈਰ ਸਾਇਕਲ 
ਦੇ ਅਗਲੇ ਛੱਕੇ ਵਿੱਚ ਆ ਗਿਆ ਸੀ ..
ਕਿੰਨਾ ਖੂਨ ਵਗਿਆ ਸੀ..
ਉਸ ਦਿਨ ਤੂੰ ਬੜਾ ਰੋਈ ਸੀ...ਯਾਦ ਏ ??

ਇਨਾਂ ਭੀੜੀਆਂ-ਖੁੱਲੀਆਂ ਗਲੀਆਂ ਵਿੱਚ 
ਚਾ-ਰੀਝਾਂ ਕਿੰਨਾ ਭੱਜੇ ਸੀ..
ਭੱਜ-ਭੱਜ ਕੇ ਨਾਹੀ ਰੱਜੇ ਸੀ....

ਆਹ ਆ ਗਿਆ ਆਪਣਾ ਘਰ ਭੈਣੇ 
ਓਹੀਓ ਪੁਰਾਣਾ ਵੇਹੜਾ ਨੀਂ..
ਜਿਥੇ ਨਚਦਾ-ਗਾਉਂਦਾ ਰਹਿੰਦਾ ਸੀ
ਇੱਕ ਮਿੱਠਾ-ਮਿੱਠਾ ਖੇੜਾ ਨੀਂ..
ਯਾਦ ਹੈ ਇੱਕ ਦਿਨ ਓਹ ਕਿੱਲੇ 
ਤੋਂ ਵੱਛੀ ਖੁੱਲ੍ਹ ਗਈ ਸੀ..
ਵੱਛੀ ਸੀ ਮੂਹਰੇ-ਮੂਹਰੇ ਨੀਂ
ਤੂੰ ਭੱਜੀ ਪਿੱਛੇ-ਪਿੱਛੇ ਨੀਂ..
ਰੋੜੇ 'ਚ ਅੜ੍ਹਕ ਕੇ ਡਿੱਗ ਪਈ ਸੀ..
ਫਿਰ ਤੂੰ ਰੋਵਣ ਲੱਗੀ ਸੀ
ਮੈਂ ਆਣ ਕੇ ਚੁੱਪ ਕਰਾਇਆ ਸੀ..
ਫਿਰ ਤਾਇਆ ਜੀ ਦੇ ਲੜਕੇ ਨੇ
ਆਪਾਂ ਨੂੰ ਕਨੇਹੜੀ ਚੁੱਕਿਆ ਸੀ..
ਸਾਰੇ ਘਰ ਦਾ ਗੇੜਾ ਲਵਾਇਆ ਸੀ..
ਓਹ ਵੇਖ ਘੜਾ-ਘੜਵੰਜੀ ਨੀ..
ਓਹ ਵੇਖ ਬਾਣ ਦੀ ਮੰਜੀ ਨੀ..
ਓਹ ਮਾਂ ਰਾਣੀ ਦਾ ਚਰਖਾ ਨੀਂ..
ਹਾਏ ਮਾਲ੍ਹਾਂ,ਤੱਕਲੇ,ਗੁੱਡੀਆਂ ਨੀਂ..
ਵਿੱਚ ਹਵਾ ਪੂਣੀਆਂ ਉੱਡੀਆਂ ਨੀਂ..

ਓਹ ਵੇਖ ਗਲੋਟੇ ਅਟੇਰਨ ਨੀਂ..
ਅੱਜ ਬੈਠੇ ਹੰਝੂ ਕਰਨ ਨੀਂ..
ਓਹ ਵੇਖ ਨੀਂ ਛੰਨਾ ਪਿੱਤਲ ਦਾ..
ਜੀਹਨੂੰ ਵੇਖ ਕੇ ਰੋਣਾ ਨਿੱਕਲਦਾ..
ਓਹ ਬਾਪੂ ਜੀ ਦਾ ਹਲ ਭੈਣੇ..
ਹੁਣ ਅੰਦਰ ਵੀ ਤਾਂ ਚੱਲ ਭੈਣੇ..
ਮੈਨੂੰ ਪਤਾ ਇਹਨਾਂ ਹੰਝੂਆਂ ਨੂੰ 
ਸਕਦੀ ਨਾ ਤੂੰ ਠੱਲ ਭੈਣੇ..
ਹੁਣ ਅੰਦਰ ਵੀ ਤਾਂ ਚੱਲ ਭੈਣੇ..
ਓਦੋਂ ਉੱਡੂੰ-ਉੱਡੂੰ ਕਰਦੇ ਸੀ 
ਕੰਧੋਲੀ 'ਤੇ ਵਾਹੇ ਮੋਰ ਭੈਣੇ..
ਚੱਲ ਓਹਨਾਂ ਸੰਗ ਹੀ ਕਰ ਲਈਏ
ਅੱਜ ਆਪਾਂ ਕੋਈ ਗੱਲ ਭੈਣੇ..
ਚੱਲ ਭੈਣੇ..
ਚੱਲ.. ----ਹਰਮਨ                 

ਸੋਹਣਿਆ ਵੀਰਾ ਦੱਸ ਇਹ ਮੈਨੂੰ ਕਿਥੇ ਤੂੰ ਹੈ ਲੈ ਆਇਆ..
 ਚੱਲ ਅਸਲੀ ਪਿੰਡ ਚੱਲ ਜੇ ਹੈਂ ਅੰਮਾ ਜਾਇਆ..
ਇਹ ਬਲਦ ਨੇ ਕੋਈ,ਵੀਰ ਸੋਹਣੇ ਕੀ ਪਿਆ ਕਹਿਣਾ ਏ
ਦਾਜ ਵਿੱਚ ਆਈ ਕਾਰ ਹੈ,ਚੱਜ ਨਾਲ ਨੀਂ ਵੇਹਨਾਂ ਏ..
ਕਣਕਾਂ ਦੀਆਂ ਬੱਲੀਆਂ ਹੁੰਦੀਆਂ ਸੀ ਜਿਥੇ ਵੇ..
ਕੱਟੇ ਪਏ ਨੇ ਪਲਾਟ ਦਾਦਾ ਜੀ ਦੇ ਖੇਤ ਦੇ ਮੱਥੇ ਵੇ..
ਕੇਹੜੇ ਟਿੰਡ,ਕੇਹੜੇ ਰਿੰਡ,ਜੰਡ ਤੇ ਕੇਹੜੇ ਕਰੀਰ ਵੇ..
ਓਹ ਫੂਟਬਾਲ ਦੀ ਸ਼ਕਲ ਦੀ ਟੈਂਕੀ ਹੈ ਕਿਸੇ ਦੀ ਵੀਰ ਵੇ..
ਇਥੇ ਗਲੀਆਂ 'ਚ ਕੋਈ ਨਿਆਣੇ ਵੀ ਨੀ ਖੇਡ ਰਹੇ..
ਲਗਦਾ ਟੈਲੀਵਿਜ਼ਨ ਲਾਕੇ ਬੱਸ ਬੈਠੇ ਨੇ ਪਏ..
ਆਹ ਵੇਖ ਵਿਆਹ ਜਿਹਾ ਵੀ ਹੋਈ ਹੈ ਜਾਂਵਦਾ..
ਪਰ ਕੋਈ ਕੱਢਕੇ ਜਾਗੋ ਕਿਸੇ ਦੇ ਬਨੇਰੇ ਵੀ ਨੀਂ ਢਾਂਵਦਾ..
ਕੱਚਾ ਰਾਹ ਵੀਰਾ ਕੋਈ ਮੈਨੂੰ ਤਾਂ ਨੀਂ ਦਿਖ ਰਿਹਾ..
ਲਗਦਾ ਵਕਤ ਦੇ ਨਾਲ ਆਪਣਾ ਪਿੰਡ ਕਿਤੇ ਵਿਕ ਗਿਆ..
ਓਹ ਵੇਖ ਜਿਥੇ ਟੋਭਾ,ਪਿੱਪਲ ਸੀ ਤੂੰ ਕਹਿਣਾ ਏ..
ਕੋਈ  ਪ੍ਰੋਜੈਕਟ ਲੱਗਿਆ ਪਿਆ ਪਾਣੀ ਦਾ,ਨੀਂ ਵੇਹਨਾਂ ਏ ?
ਬੇਰੀ ਸੀ ਜਿਥੇ ਮਿੱਠੇ ਬੇਰਾਂ ਆਲੀ,ਬੇਕਰੀ ਦੀ ਦੁਕਾਨ ਏ..
 ਸ਼ਾਮਲਾਟ ਆਲੀ ਥਾਂ ਹੁਣ ਤਿੰਨ-ਮੰਜ਼ਲਾ ਮਕਾਨ ਏ..
ਆਪਨੇ ਦਰ ਦੇ ਦਰਵਾਜ਼ੇ ਤੇ ਜਿੰਦਰਾ ਜਿਹਾ ਕੀਹਨੇ ਲਾ ਦਿੱਤਾ..
ਆਹ 'ਵਿਕਾਊ ਹੈ' ਦਾ ਬੋਰਡ ਕੀਹਨੇ ਵਾਹ ਦਿੱਤਾ..
ਇਹ ਓਹੀ ਵੇਹੜਾ ਏ ਵੀਰੇ ਸੱਚੀਂ ਕਹਿਣਾ ਏ ??
ਇਥੇ ਨਾ ਮੇਰੀ ਖੁਰਲੀ ਨਾ ਵੱਛੀ ਨਾ ਬੰਨਾ ਏ ..
ਇਹ ਕੰਧੋਲੀ ਵੀ ਹੈ ਹਾਏ ਕਿਵੇਂ ਵਿਚੋਂ ਅੱਧੀ ਢਹਿ ਗਈ..
ਹਾਏ ਮੇਰਾ ਚੁੱਲ੍ਹਾ,ਚੱਕੀ ਲਗਦਾ ਮਿੱਟੀ ਥੱਲੇ ਬਹਿ ਗਏ..
ਚੱਲ ਬੈਠ ਵੀਰੇ ਬਹਿ ਮਿੱਟੀ ਨੂੰ ਫੋਲੀਏ..
ਚੱਲ ਬੈਠ ਬਿੱਖਰੀਆਂ ਯਾਦਾਂ ਨੂੰ  ਟੋਲੀਏ..
ਆਹ ਵੇਖ ਹਾਸਿਆਂ ਦੀ ਯਾਦ ਮੈਨੂੰ ਥਿਆ ਗਈ..
ਆਹ ਸੁਨ ਜਰਾ ਬੇਬੇ ਝਿੜਕਾਂ ਮਾਰਨ ਆ ਗਈ..
ਆਹ ਵੇਖ ਬੂਰੀ ਮੱਝ ਦਾ ਵਾਲ ਤੇ ਚਿੱਚੜ ਵੇ..
ਆਹ  ਵੇਖ ਗਿੱਲਾ ਪਿਆ ਜੇਹੜਾ ਖੇਡ ਕੇ ਕੀਤਾ ਸੀ ਚਿੱਕੜ ਵੇ..
ਆਹ ਵੇਖ ਵੀਰੇ ਪਟੋਲਿਆਂ ਦੀਆਂ ਲੀਰਾਂ..
ਸੁਨ ਕੰਨੀਂ ਪੈਂਦੀਆਂ ਸੋਹਲੇ,ਮਿਰਜ਼ੇ ਤੇ ਹੀਰਾਂ..
ਆਹ ਸੁੰਘ ਖਾਂ ਮੇਰੇ ਸਾਗ ਦੀ ਖੁਸ਼ਬੋਈ ਵੇ..
ਆਹ ਵੇਖ ਬੇਬੇ ਜੀ ਨੇ ਪੋਚਾ ਦੇਣ ਨੂੰ ਮਿੱਟੀ ਸਮੋਈ ਵੇ..
ਵੀਰੇ ਸਭ-ਕੁਝ ਦਿਖ-ਸੁਣ ਰਿਹਾ ਪਰ ਕੁਝ ਵੀ ਤਾਂ ਨਹੀਂ..
ਇਹ ਥਾਂ ਓਹ ਨਹੀਂ,ਵਕਤ ਓਹ ਨਹੀਂ ਕਿ ਤੂੰ ਨਹੀਂ ਕਿ ਮੈਂ ਨਹੀਂ?
ਹੁਣ ਕਿੱਧਰ ਨੂੰ ਜਾਈਏ ਸਭ ਕੁਝ ਤਾਂ ਰੁੜ੍ਹ ਚੱਲਿਆ..
ਆਪਣਾ ਪਿੰਡ ਹੁਣ ਕਿਥੋਂ ਲੱਭੀਏ ਵੀਰਾ ਵੇ ਬੱਲਿਆ..
ਦੱਸ ਵੀਰਾ..
ਵੇ ਬੱਲਿਆ..----ਸੀਮਾ ਗਰੇਵਾਲ  
by me..thnx jassi

ਉੱਜੜੇ ਦਰ..by me..thnx jassi

ਇਹੀ ਨਲਕਾ ਨਾ ਓਹ ਭੈਣੇ...?? by me..thnx jassi

ਤੂੰ ਠੀਕ ਆਖਿਆ ਭੈਣੇ ਨੀ..
ਇਹ ਮੈਂ ਨਹੀਂ..
ਮੇਰਾ ਭਰਮ ਬੋਲ ਰਿਹਾ..
ਇੱਕ ਸੁਪਨਾ 
ਨਰਮ-ਨਰਮ ਬੋਲ ਰਿਹਾ..
ਖੁਸ਼ੀਆਂ ਨੂੰ ਲੱਭ ਰਿਹਾ 
ਚਾਵਾਂ ਨੂੰ ਟੋਲ ਰਿਹਾ..
ਐਵੇਂ ਅਤੀਤ ਵਿੱਚ 
ਗੁਆਚਿਆ ਮਿੱਟੀ-ਖਾਕ
ਫਰੋਲ ਰਿਹਾ..
ਇਹ ਮੈਂ ਨਹੀਂ..
ਮੇਰਾ ਭਰਮ ਬੋਲ ਰਿਹਾ.

ਆਪਣਾ ਤਾਂ ਇੱਕ-ਇੱਕ ਪਲ 
ਅੱਜ ਵੀ ਭੈਣੇ ਓਹਨਾਂ 
ਟਾਹਲੀਆਂ ਉੱਤੇ ਲਮਕ ਰਿਹਾ..
ਆਪਣੇ ਤਾਂ ਮੱਥੇ ਅੱਜ ਤਾਈਂ ਭੈਣੇ 
ਪਿੰਡ ਦਾ ਚਾਨਣ ਚਮਕ ਰਿਹਾ..
ਪਰ..ਆਹ ਕੀ....
ਅੱਜ ਮੇਰਾ ਮੱਥਾ ਠਣਕ ਰਿਹਾ..
ਮੱਥੇ 'ਚੋਂ ਧੂੰਆਂ ਪਨਪ ਰਿਹਾ..
ਅੱਜ ਮੇਰਾ ਮੱਥਾ ਠਣਕ ਰਿਹਾ..

ਅੱਜ ਲੂੰ-ਲੂੰ ਮੇਰਾ ਹੱਸਿਆ ਸੀ..
ਹੁਣ ਕਣ-ਕਣ ਮੇਰਾ ਰੋ ਰਿਹਾ..
ਕੌਣ ਤੇਜ਼ਾਬੀ ਮਿੱਟੀ ਨੂੰ 
ਮੇਰੇ ਪੈਰਾਂ ਦੇ ਨਾਲ ਛੋ ਰਿਹਾ..
ਕੋਈ ਹੈ ਜੋ ਮੇਰੇ ਮੱਥੇ
ਆਸਾਂ ਦਾ ਸੂਰਜ ਬੋ ਰਿਹਾ..???

ਹਾਂ ਹੁਣ ਓਹ ਪਿੰਡ ਬੜਾ ਪਿੱਛੇ
ਰਹਿ ਗਿਆ ਭੈਣੇ..
ਅੱਜ ਆਪਣੇ ਪਿੰਡ ਦੇ ਖੇਤਾਂ ਨੂੰ
ਵਣਜਾਂ ਦਾ ਵਲੇਵਾਂ 
ਪੈ ਗਿਆ ਭੈਣੇ...
ਵਕਤ ਦੀ ਧੂੜ 'ਚ ਗੁਆਚ ਗਿਆ 
ਤੇਰਾ ਪਿੰਡ ਮੇਰਾ ਪਿੰਡ...
ਆਪਣਾ ਪਿੰਡ...

ਮੈਨੂੰ ਤਾਂ ਅੱਜ ਵੀ ਇਥੇ ਓਹਿਓ 
ਮਾਹੌਲ ਦਿਖਿਆ ਸੀ..
ਪਰ ਮੇਰੀਆਂ ਅੱਖਾਂ ਵਿੱਚ 
ਸੁਪਨਿਆਂ ਦਾ ਜ਼ੋਰ ਸੀ..
ਹੁਣ ਜਦੋਂ ਮੈਂ ਜਾਗਿਆ 
ਇਹ ਤਾਂ ਪਿੰਡ ਹੀ ਹੋਰ ਸੀ..
ਨਾ ਖੇਤਾਂ ਦਿਆਂ ਬੰਨਿਆਂ 'ਤੇ
ਕੋਈ ਪੈਲਾਂ ਪਾਉਂਦਾ ਮੋਰ ਸੀ..
ਇੱਕ ਅਜੀਬ ਜਿਹੀ ਚੁੱਪ ਸੀ..
ਇੱਕ ਕੰਨ-ਪਾੜਵਾਂ ਸ਼ੋਰ ਸੀ..
ਨਾ ਪੱਤਿਆਂ ਦੇ ਮੁਖੜੇ 'ਤੇ ਓਹ
ਪਹਿਲਾਂ ਵਰਗੀ ਲੋਰ ਸੀ...

ਚੱਲ ਆਜਾ ਬੋਝ ਨਾਲ ਲੱਦੀ 
ਸ਼ਹਿਰੀ ਜਿੰਦਗੀ ਵੱਲ ਵਾਪਿਸ..
ਵੇਖ ਨਲਕਿਆਂ 'ਚੋਂ ਕਿੱਦਾਂ 
ਜ਼ਹਿਰਾਂ ਨੇ ਰਹੀਆਂ ਰਿਸ..
ਆਪਾਂ ਤਾਂ ਆਸ ਲੈਕੇ ਆਏ ਸੀ
ਰੁਮਕਦੀਆਂ ਪੌਣਾਂ ਦੀ..
ਚਰਖੇ ਦੀ ਘੂਕਰ ਦੀ ਜੀਹਨੂੰ
ਸੁਣ ਜੋਗੀ ਪਹਾੜੋਂ 
ਉੱਤਰ ਆਉਂਦੇ ਨੇ....
ਹੇਕਾਂ ਲਾਉਂਦੇ ਨੇ...
ਆਪਾਂ ਤਾਂ ਆਸ ਲੈਕੇ ਆਏ ਸੀ
ਸਾਵੀਂ ਫਸਲਾਂ ਦੀ..
ਨਾ ਕੇ ਨਸ਼ੇ 'ਚ ਧੁੱਤ 
ਨਵੀਆਂ ਨਸਲਾਂ ਦੀ..
ਗੂੰਜਦੇ ਠਹਾਕਿਆਂ ਦੀ
ਪਿੱਪਲੀਂ ਪੀਂਘਾਂ ਦੀ..
ਬਹੁਲੀਆਂ,ਤਿਓੜਾਂ ਦੀ..
ਓਹਨਾਂ ਪੁਰਾਣੇ ਮੋੜਾਂ ਦੀ..
ਉਸ ਤੌੜੀ ਵਾਲੇ ਦੁੱਧ ਦੀ 
ਮਹਿਕਰ ਦੀ..
ਓਹਨਾਂ ਚਿੜੀਆਂ ਦੀ 
ਚਹਿਕਰ ਦੀ..  
ਉਡਦੇ ਤੋਤਿਆਂ-ਕਾਵਾਂ ਦੀ..
ਜਿਨ੍ਹਾਂ ਨੂੰ ਖਾ ਗਏ ਮੋਬਾਇਲ ਟਾਵਰ...
ਲਿਸ਼-ਲਿਸ਼ ਕਰਦੇ ਮੁੱਖੜਿਆਂ ਦੀ..
ਆਲੇ ਵਿੱਚ ਬਲਦੇ ਦੀਵੇ ਦੀ..
ਰੱਬ ਅੱਗੇ ਅਰਜ਼ ਪਪੀਹੇ ਦੀ..
ਇੱਕ ਸੱਜਰੀ ਸਵੇਰ ਦੀ..
ਨਾ ਕੇ ਪਿੱਟਦੀ ਆਉਂਦੀ ਸਰਘੀ ਦੀ..
ਚੱਲ ਵਾਪਿਸ ਹੁਣ ਭੈਣੇ..
ਚੱਲ ਜਲਦੀ ਕਰ...
ਇਹ ਹੁਣ ਓਹ ਪਿੰਡ ਨੀ ਰਿਹਾ..
ਆਜਾ ਚੌਵੀ ਘੰਟੇ ਮੱਥੇ ਤਿਓੜੀਆਂ
ਵਾਲੀ 'ਮੌਡਰਨ ਲਾਈਫ' ਵੱਲ..
ਇਥੇ ਕੁਝ ਨੀ ਰਖਿਆ..
ਆਜਾ ਭੈਣੇ ਆਜਾ..-----ਹਰਮਨ    

ਹਾਏ ਮੰਜੇ !! .....by me..thnx jassi

ਠਹਿਰ ਜਾ ਮੇਰੀ ਯਾਦਾਂ ਵਾਲੀ ਗੱਠੜੀ ਨਾ ਖੁੱਲ੍ਹ ਜਾਵੇ..
ਮੇਰੇ ਮੱਥੇ ਰੱਖਿਆ ਅਤੀਤ ਦਾ ਭਾਂਡਾ ਨੂ ਡੁੱਲ੍ਹ ਜਾਵੇ..
ਮੇਰੇ ਕਲੇਜੇ 'ਚੋਂ ਕੁਝ ਹਾਏ ਕੁਝ ਖੁੱਸ ਰਿਹਾ..
ਮੇਰੀਆਂ ਉਮੀਦਾਂ ਵਾਲਾਂ ਗੁਲਾਬ ਕਿਓਂ ਹੁਣ ਬੁੱਸ ਰਿਹਾ..
ਰੁਕ'ਜਾ ਗਰਮੀਆਂ ਦੀਆਂ ਛੁੱਟੀਆਂ 'ਚ ਮਿਲਦੇ ਸੀ ਜਦ ਸਾਰੇ..
ਨਿੰਬੂ ਨਿਚੋੜ ਬਣਾਉਂਦੇ ਸੀ ਜੋ ਪਾਣੀ ਖੱਟੇ ਖਾਰੇ..
ਓਹਨਾਂ ਨਿੰਬੂਆਂ ਦੇ ਬੀਜ ਜਿਹੇ ਚੁੱਕ ਲੈਣਦੇ..
ਜਾਣਾ ਜ਼ਰੂਰੀ ਹੈ ਕਿ ਹਾਲੇ ਠਹਿਰ ਜਾਈਏ ਰਹਿਣ ਦੇ..
ਤੂੰ ਤੇ ਮੈਂ,ਓਹ ਤੇ ਓਹ,ਤੇ ਆਪਣੇ ਬੇਲੀ ਸਾਰੇ..
ਲੱਭਾਂਗੇ ਹੋਟਲਾਂ 'ਚ ਬਨਾਉਟੀ ਕੰਧੋਲੀਆਂ ਤੇ ਹਾਰੇ..
ਕਿਓਂ ਨਹੀਂ ਫਿਰ ਆਪਾਂ ਆਪਣਾ ਵਿਰਸਾ ਸੰਭਾਲ ਕੇ ਰੱਖ ਲਿਆ..
ਕਿਓਂ  ਨੌਹਾਂ ਨਾਲੋਂ ਮਾਸ ਹਾਏ ਲੱਥ ਗਿਆ..
ਆਉਣ ਵਾਲੀਆਂ ਹਾਏ ਪੀੜ੍ਹੀਆਂ ਸਾਨੂੰ ਵੀ ਕੋਸਨਗੀਆਂ..
ਮਸਤ-ਮਲੰਗ ਹੋ ਅਸੀਂ ਜੇਹੜੇ ਖੇਡੇ,ਓਹਨਾਂ ਖੇਡਾਂ ਨੂੰ ਲੋਚਨਗੀਆਂ..
ਪਰ ਕਰੀਏ ਕਿ ਦੱਸ ਹੀਲਾ,ਸਾਡਾ ਗਵਾਚ ਗਿਆ ਕਬੀਲਾ..
ਨਾ ਓਹ ਧਰਤੀ ਅਪਣੱਤ ਵਾਲੀ ਨਾ ਓਹ ਅੰਬਰ ਨੀਲਾ-ਨੀਲਾ..
ਚੱਲ ਵੀਰੇ ਪੈੜਾਂ 'ਤੇ ਮਿੱਟੀ ਹੁਣ ਪਾ ਆਈਏ..
ਚੱਲ ਵੀਰੇ..
ਚੱਲ ਵੀਰੇ...
ਚੱਲ ਵੀਰੇ.....----ਸੀਮਾ ਗਰੇਵਾਲ                

ਨੀਲੇ ਅੰਬਰੀਂ ਸੀ ਜੋ ਉਡਦੀ ਉਸ ਟਟੀਹਰੀ ਦੀ ਆਵਾਜ਼ ਨੂੰ..
ਮਿੱਟੇ ਵਿੱਚ ਛੁਪੇ ਸਾਡੇ ਮਾਸੂਮ ਜਿਹੇ ਰਾਜ਼ ਨੂੰ..
ਹਿੱਕ ਨਾਲ ਲਾਕੇ ਆਜਾ ਵਾਪਿਸ.....
ਬੰਨ੍ਹ ਚੁੰਨੀ ਦੇ ਪੱਲੇ ਨਾਲ ਓਹਨਾ ਬੀਜਾਂ ਨੂੰ ਭੈਣੇ..
ਮੈਂ ਵੀ ਚੁੱਕ ਲੈਨਾ ਟੁੱਟੀਆਂ ਨਿੱਕੀਆਂ ਚੀਜ਼ਾਂ ਨੂੰ ਭੈਣੇ...
ਓਹ ਗਰਦ ਲੱਦਾ ਮੂੜ੍ਹਾ ਵੀ ਚੁੱਕ ਲੈ ਭੈਣੇ ਝਾੜ ਕੇ..
ਵੇਖੀਂ ਆਪਣੇ ਸ਼ਹਿਰ ਵਾਲੇ ਘਰ ਨੂੰ ਕਿੱਦਾਂ 
ਰੰਗਾਂ ਵਿੱਚ ਰੰਗ ਦਿਓ ਜਦੋਂ ਟੰਗਿਆ 
ਸ਼ਹਿਰੀ ਕੰਧਾਂ 'ਤੇ....
ਆਜਾ ਵਾਪਿਸ..ਮੇਰਾ ਮਨ ਭਰ ਆਇਆ ਹੁਣ ਫਿਰ..
ਮੈਥੋਂ ਨੀ ਰੁਕ ਹੁੰਦਾ....ਆਜਾ.......:(....--ਹਰਮਨ  

ਚੱਲ ਵੀਰੇ ਸਾਂਭ ਰੱਖ ਇਹ ਹੰਝੂ ਨੇ ਹੀਰੇ...
ਹਾਏ ਚੱਲ ਵੀਰੇ....:(...---ਸੀਮਾ ਗਰੇਵਾਲ     

ਚੱਲ ਭੈਣੇ...ਸਾਂਭ ਰੱਖ ਯਾਦਾਂ ਦੇ ਗਹਿਣੇ..
ਹਾਏ ਚੱਲ ਭੈਣੇ....:(...---ਹਰਮਨ 

by seema didi..
ਇਹ ਹੈ ਜੀ ਮੂੜ੍ਹਾ....
ਤੂੰ ਨੇੜੇ ਪੀੜ੍ਹੀ ਡਾਹੁੰਦੀ ਸੀ..
ਕੋਮਲ ਕੋਮਲ ਹੱਥਾਂ ਸੰਗ
ਚੁੱਲੇ ਸਿੱਕਰੀਆਂ ਪਾਉਂਦੀ ਸੀ..
clicked by didi..

No comments:

Post a Comment