ਗੁਰਪੁਰਬ 'ਤੇ ਬੱਚਿਆਂ ਦੇ ਗਾਉਣ ਲਈ ਲਿਖੀ ਸੀ ਇਹ ਰਚਨਾ...
ਗੁਰ ਨਗਰੀ ਸੁਲਤਾਨਪੁਰੇ ਦੀ ਮਿੱਟੀ ਨੂੰ ਪ੍ਰਣਾਮ ਕੁੜੇ.
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਮਿੱਟੀ ਮੱਥੇ ਲਾਕੇ ਪੈਂਦੀ ਮੋਇਆਂ ਦੇ ਵਿਚ ਜਾਨ ਕੁੜੇ..
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਅੰਬਰੋਂ ਲੱਥੀ ਨੂਰ ਦੀ ਗਾਗਰ,ਗਾਗਰ ਦੇ ਵਿਚ ਭਰਿਆ ਸਾਗਰ..
ਸਾਗਰ ਦੇ ਵਿਚ ਲੱਖਾਂ ਮੋਤੀ,ਹਰ ਮੋਤੀ ਵਿਚ ਓਹਦੀ ਜੋਤੀ..
ਜੋਤੀ ਜੀਹਨੇ ਚਾਨਣ ਕਰਿਆ ਚਾਨਣ ਵਿਚ ਗਿਆਨ ਕੁੜੇ..
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਨੈਣਾਂ ਅੰਦਰ ਜੋਤ ਇਲਾਹੀ,ਪਾਂਧੇ ਨੂੰ ਵੀ ਸਮਝ ਨਾ ਆਈ..
ਸੂਤ ਜਨੇਊ ਮਾਰ ਵਗਾਹਿਆ ਕਣ ਕਣ ਵਿਚ ਕਰਤਾਰ ਨੂੰ ਪਾਇਆ..
ਖੌਰੇ ਕੀ ਕੀ ਖੇਲ ਰਚਾ ਗਿਆ ਇੱਕ ਬਾਲਕ ਨਾਦਾਨ ਕੁੜੇ..
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਤੇਰਾਂ ਤੇਰਾਂ ਕਰਦਾ ਜਾਵੇ ਨਵਾਂ ਸਵੇਰਾ ਚੜਦਾ ਜਾਵੇ..
ਨਾ ਕੋਈ ਮੁਸਲਿਮ ਨਾ ਕੋਈ ਹਿੰਦੂ ਸਭ ਦਾ ਇੱਕੋ ਸਾਂਝਾ ਬਿੰਦੁ..
ਕੈਸੇ ਵਾਕ ਉਚਾਰ ਗਿਆ ਨੀ ਸਿੱਖੀ ਦਾ ਸੁਲਤਾਨ ਕੁੜੇ..
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਤੁਰ ਪਿਆ ਜੱਗ ਸੁਧਾਰਨ ਦੇ ਲਈ,ਵਿਗੜੇ ਕੰਮ ਸੰਵਾਰਨ ਦੇ ਲਈ..
ਜੰਗਲ ਬੇਲੇ ਮਹਿਕਣ ਲੱਗੇ ਪੱਤਣਾ ਤੇ ਫੁੱਲ ਟਹਿਕਣ ਲੱਗੇ..
ਓਹਦੀ ਸੁੱਚੀ ਸੋਚ ਤੋਂ ਗਈਆਂ ਪੌਣਾਂ ਤਾਂ ਕੁਰਬਾਨ ਕੁੜੇ..
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਚੱਪਾ ਚੱਪਾ ਗਾਹਿਆ ਬਾਬੇ ਸੱਚ ਦਾ ਚੰਨ ਚੜਾਇਆ ਬਾਬੇ..
'ਹੱਸਣ ਖੇਡਣ ਮਨ ਕਾ ਚਾਓ,ਰੁਮਕ ਪਈ ਬਾਣੀ ਕੀ ਵਾਓ..
ਪੈਰ ਦੀ ਜੁੱਤੀ ਤਖਤ ਬਿਠਾਈ ਜਿਤ ਜੰਮੇ ਰਾਜਾਨ ਕੁੜੇ...
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ..
ਨਾਨਕ ਨਾਮ ਚੜਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ..
ਤਪਦੇ ਦਿਲ ਨੂੰ ਜਾਂਦਾ ਠਾਰ ਏ,ਨਾਨਕ ਦੁਖੀਆ ਸਭ ਸੰਸਾਰ ਏ..
ਦੀਦ ਰੂਹਾਨੀ ਅੱਗੇ ਪਿਘਲੇ ਸੱਜਣ ਠੱਗ ਹੈਵਾਨ ਕੁੜੇ...
ਆਜੋ ਵਗਦੀ ਵੇਈਂ ਦੇ ਵਿਚ ਕਰ ਲਈਏ ਇਸ਼ਨਾਨ ਕੁੜੇ.....© harman
No comments:
Post a Comment