Friday, November 19, 2010

ਗੋਰੀ-ਚਿੱਟੀ ਧੁੱਪ...

ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..
ਨਾ ਅੱਗੇ ਨਾ ਪਿਛੇ ਵੇਖੀ ਅੱਜ ਇਹ ਕਿਥੋਂ ਆਣ ਖੜ੍ਹੀ ਏ..

ਪਾਹ ਅਸਾਡਾ ਲੱਗ ਗਿਆ ਜੇ ਐਵੇਂ ਦਾਗੀ ਹੋ ਜਾਵੇਂਗੀ..
ਮੇਰੇ ਬਾਗੀ ਸਾਵਾਂ ਦੇ ਸੰਗ ਤੂੰ ਵੀ ਬਾਗੀ ਹੋ ਜਾਵੇਂਗੀ..
ਬਾਗੀ ਜਿੰਦਾਂ ਦੇ ਰਾਹੇ ਤਾਂ ਦੁਨੀਆ ਪਰਬਤ ਵਾਂਗ ਖੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ....

ਪਾ ਤਨਹਾਈਆਂ ਵਾਲਾ ਕੱਜਲਾ ਨਾਲ ਉਦਾਸੇ ਨੈਣਾਂ ਤੱਕਣ..
ਸ਼ੋਖ-ਹਸੀਨਾ ਵਾਂਗੂੰ ਜੱਚਣ..ਸਾਡੇ ਵਿਹੜੇ ਪੀੜਾਂ ਨੱਚਣ..
ਹੰਝੂ ਸੁਲਗਣ ਹੌਕੇ ਮਚਣ.. ਸਾਡੇ ਵਿਹੜੇ ਪੀੜਾਂ ਨੱਚਣ..

ਤੂੰ ਸੂਰਜ ਦੀ ਜੰਮੀ-ਜਾਈ ਮੈਂ ਮੱਸਿਆ ਦਾ ਚੇਲਾ ਬੱਲੀਏ..
ਕੋਲ ਅਸਾਡੇ ਕੁਝ ਨਾ ਖੜ੍ਹਦਾ ਨਾ ਮੇਲਾ ਨਾ ਧੇਲਾ ਬੱਲੀਏ..
ਅਸਾਂ ਤਾਂ ਮੁੱਢੋਂ ਵੇਂਹਦੇ ਆਏ ਮੇਲੇ ਵਿੱਚ ਝਮੇਲਾ ਬੱਲੀਏ..
ਹੰਝ ਤੋਲਦਾ ਹੌਂਕੇ ਗਿਣਦਾ ਲੋਕਾਂ ਭਾਣੇ ਵੇਹਲਾ ਬੱਲੀਏ..
ਕਾਰਾਂ ਪਿੱਛੇ ਭੌਂਦਾ ਹਰ ਕੋਈ ਠਰਕੀ-ਠੇਲਾ ਬੱਲੀਏ.. ਖੈਰ....
ਡਾਢਾ ਰੂਪ ਸ਼ਿੰਗਾਰ ਕੇ ਆਈ..ਤਪਦੇ ਸੂਰਜ ਠਾਰ ਕੇ ਆਈ..
ਮੈਨੂੰ ਲਗਦਾ ਤੇਰੀ ਕਿਧਰੇ ਸੱਜਰੀ-ਸੱਜਰੀ ਅੱਖ ਲੜੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਕੋਲ ਮੇਰੇ ਬੱਸ ਹੌਕੇ ਹੰਝੂ ਕੁਝ ਪੀੜਾਂ ਕੁਝ ਧੱਕੇ-ਧੌੜੇ..
ਜਾਂ ਫਿਰ ਕੁਝ ਕੁ ਗੀਤ ਨੇ ਮੇਰੇ ਜੋ ਲੋਕਾਂ ਨੂੰ ਲੱਗੇ ਕੌੜੇ..
ਜਦੋਂ ਬਲੌਰੀ-ਯਾਦਾਂ ਡੱਸਣ..ਸ਼ੈਤਾਨੀ ਜਿਆ ਹਾਸਾ ਹੱਸਣ..
ਦੰਦਲ ਪੈ ਕੇ ਡਿੱਗ-ਡਿੱਗ ਜਾਵਾਂ..ਰਗ-ਰਗ ਮੇਰੀ ਜ਼ਹਿਰਾਂ ਨੱਸਣ..
ਗੀਤ ਮਲਕੜੇ ਕੋਲੇ ਆਉਂਦੇ...ਹੋਸ਼ਾਂ ਦਾ ਘੁੱਟ ਜਾਣ ਪਿਉਂਦੇ..
ਦੇਣ ਦਿਲਬਰੀ ਤਲੀਆਂ ਝੱਸਣ ਜੁੱਗ-ਜੁੱਗ ਜੀਵਣ ਹੱਸਣ-ਵੱਸਣ.
ਮੁੜ'ਜਾ ਬੀਬੀ ਮੁੜ'ਜਾ ਇੱਥੋਂ ਤੂੰ ਤਾਂ ਐਵੇਂ ਭਟਕ ਗਈ ਏਂ..
ਨਾ ਅੰਬਰ ਨਾ ਥਰਤੀ ਉੱਤੇ ਕਿਸੇ ਖਲਾਅ ਵਿੱਚ ਲਟਕ ਗਈ ਏਂ..
ਤੇਰੀ ਨੂਰੀ-ਦੇਹੀ ਐਵੇਂ 'ਨੇਹਰੇ ਦੇ ਵਿੱਚ ਅਟਕ ਗਈ ਏ..
ਤੂੰ ਤਾਂ ਬਹੁਤੀ ਜ਼ਿੱਦੀ ਜਾਪੇਂ..ਮੇਰੀ ਵੀ ਪਰ ਘੋਰ ਅੜੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਨਾਮ-ਖੁਮਾਰੀ ਚੜ੍ਹੀ ਯਾਰ ਦੀ..ਆਹ ਇਥੇ ਇੱਕ ਮੜ੍ਹੀ ਯਾਰ ਦੀ..
ਲੌਂਗ-ਲਾਚੀਆਂ ਚੱਬਦੀਆਂ ਹੋਈਆਂ..ਲਾੜੀ ਵਾਂਗੂੰ ਫੱਬਦੀਆਂ ਹੋਈਆਂ..
ਸੰਦਲੀ-ਮਸਤ-ਸ਼ਰਾਬੀ ਪੌਣਾਂ ਅੱਧੀਂ ਰਾਤੀਂ ਇਥੇ ਢੁੱਕਣ..
ਆਕੇ ਮੇਰਾ ਦੁੱਖ-ਸੁੱਖ ਪੁੱਛਣ...ਗੀਤਾਂ ਨੂੰ ਗੋਦੀ ਵਿੱਚ ਚੁੱਕਣ..
ਉੱਲੂਆਂ ਦੇ ਗਲ ਲਗ ਕੇ ਰੋਵਣ..ਅੱਧੀਂ ਰਾਤੀਂ ਪੌਣਾਂ ਢੁੱਕਣ...
ਦਾਰੂ-ਪੀਣੇ ਤਾਏ ਵਾਂਗੂੰ ਚੰਨ-ਚਾਨਣੀਆਂ ਰਾਤਾਂ ਬੁੱਕਣ..
ਸਹਿਮੇ-ਸਹਿਮੇ ਚਾਅ ਜੋ ਮੇਰੇ ਕੋਲੇ ਬੈਠੇ ਸੁੱਖਣਾ ਸੁੱਖਣ...
ਸੋਚਾਂ ਦੇ ਵਿੱਚ ਵਹ‌ਿ ਜਾਂਦਾ ਹਾਂ..ਥੱਕ-ਹਾਰ ਕੇ ਬਹ‌ਿ ਜਾਂਦਾ ਹਾਂ..
'ਵਾ ਪੁਰੇ ਦੀ ਚੱਲੀ ਤੋਂ ਜਿਓਂ ਬੁੱਢੇ ਹੱਡ-ਗੋਡੇ 'ਜੇ ਦੁਖਣ..
ਇੱਥੇ ਹਰ ਇੱਕ ਰੋਟੀ ਬੀਬਾ ਸੇਕ ਹਿੱਕ ਦਾ ਮਾਣ ਰੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਤਹਿਜ਼ੀਬਾਂ ਦੇ ਭੰਨ ਕੇ ਮੱਥੇ.. ਮਜ਼ਬਾਂ ਵਾਲੇ ਤੋੜ ਕੇ ਰੱਸੇ..
ਗੀਤ ਵੀ ਮੇਰੇ ਜਾਣ ਸ਼ੂਕਦੇ..ਜੀਕਣ ਕਿਸੇ ਪਹਾੜੀ ਉੱਤੇ
ਬੱਦਲੀ ਦਾ ਪਰਛਾਵਾਂ ਨੱਸੇ...ਵੇਖ-ਵੇਖ ਮੇਰੀ ਕਿਸਮਤ ਹੱਸੇ..
ਤਾਂਹੀ ਲੋਕਾਂ ਦੇ ਮਨ ਅੰਦਰ ਮੇਰੀ ਖਾਤਿਰ ਅੱਗ ਬੜੀ ਏ...
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ...

ਕਾਲੀ ਰਾਤੇ ਸੁਪਨੇ ਆਵਣ ਸੁਪਨੇ ਆਵਣ ਕਾਲੇ..
ਕਾਲੀ ਹਸਤੀ ਮਸਤੀ ਸਾਡੀ ਕਾਲਿਆਂ ਲੇਖਾਂ ਵਾਲੇ..
ਕਾਲੇ ਰੰਗ ਦੀ ਕਰਾਂ ਚਾਕਰੀ ਮਾਲਕ ਸਾਡਾ ਕਾਲਾ..
ਕਾਲਾ ਹੀ ਤਾਂ ਰੰਗ ਹੈ ਜੀਹਨੇ ਸੱਭੇ ਰੰਗ ਛੁਪਾ'ਲੇ..
ਕਾਲੇ ਰੰਗ ਦੀ ਅਜਬ ਕਹਾਣੀ ਜੋ ਜਾਣੇ ਸੋ ਮਾਣੇ..
ਕਾਲੇ ਰੰਗ ਨੂੰ ਭੰਡਣ ਵਾਲੇ ਪਲਦੇ ਵਿੱਚ ਉਜਾਲੇ
ਲੋਕਾਂ ਭਾਣੇ ਭਾਗ-ਵਿਹੂਣੇ ਕਾਲੇ ਕਰਮਾਂ ਵਾਲੇ..
ਕਾਲੀ ਰਾਤੇ ਸੁਪਨੇ ਆਵਣ ਸੁਪਨੇ ਆਵਣ ਕਾਲੇ..
ਕਾਲੇ ਨੈਣੀਂ ਕਾਲਾ ਕਜਲਾ ਕਾਲਿਆਂ ਕੇਸਾਂ ਵਾਲੀ..
ਬੈਠ ਸਿਰ੍ਹਾਣੇ ਪੱਖੀ ਝੱਲੇ ਲਾ-ਲਾ ਝਾਲਰ ਕਾਲੀ..
ਓਹ ਵੀ ਮੇਰੇ ਵਾਂਗੂੰ ਫਿਰਦੀ ਕਾਲੇ ਰੰਗ ਦੁਆਲੇ..
ਮੇਰੀ ਮਹ‌ਿਬੂਬਾ ਵੀ ਫਿਰਦੀ ਕਾਲੇ ਰੰਗ ਦੁਆਲੇ..
ਜੋ ਨਾ ਸਾਨੂੰ ਦਿਸਦਾ ਬੀਬਾ ਸੋਈ ਰੰਗ ਹੈ ਕਾਲਾ..
ਕਾਲੇ ਰੰਗ 'ਚੋਂ ਜੀਵਨ ਫੁੱਟਾ ਜਪ ਕਾਲੇ ਦੀ ਮਾਲਾ..
ਕਾਲੇ ਰੰਗ ਦੀ ਕਾਲੀ ਵਿੱਥਿਆ ਜਦ ਵੀ ਖੋਲ ਸੁਨਾਉਣੀ ਹੋਵੇ..
ਤੌੜੀ ਵਾਲੇ ਦੁੱਧ ਨਾਲ ਜਿਓਂ ਗੁੜ ਦੀ ਡਲੀ ਚਬਾਉਣੀ ਹੋਵੇ...

ਤੇਰਾ-ਮੇਰਾ ਮੇਲ ਨਾ ਕੋਈ ਤੂੰ ਕਿੱਥੇ ਮੈਂ ਕਿੱਥੇ...
ਇੱਥੇ ਲੱਖਾਂ ਧੁੱਪਾਂ ਮੋਈਆਂ ਹਿੱਕ ਤਾਣ ਕੇ ਖੜ੍ਹੀ ਤੂੰ ਜਿੱਥੇ..
ਤੂੰ ਤਾਂ ਨੂਰੀ-ਰਾਗ ਅਲਾਪੇਂ ਮੈਂ ਹਾਂ ਕਾਲੇ ਗੌਣ ਸੁਣਾਉਂਦਾ..
ਖੌਰੇ ਕੀਹਨੂੰ ਹਾਂ ਭਰਮਾਉਂਦਾ..ਖੌਰੇ ਕੀਹਨੂੰ ਹਾਂ ਭਰਮਾਉਂਦਾ..
ਆਪਣੇ-ਆਪ ਦੇ ਵਿੱਚ ਹੀ ਭੌਂਦਾ..ਆਪਣੇ-ਆਪ ਦੇ ਵਿੱਚ ਹੀ ਭੌਂਦਾ..
ਮੁੜ'ਜਾ ਆਪਣੇ ਸ਼ਹਿਰ-ਗਰਾਂ ਇੱਥੇ ਗ਼ਮ ਦੀ ਗਰਦ ਚੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ...

ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..
ਨਾ ਅੱਗੇ ਨਾ ਪਿਛੇ ਵੇਖੀ ਅੱਜ ਇਹ ਕਿਥੋਂ ਆਣ ਖੜ੍ਹੀ ਏ..
-ਹਰਮਨ(18-august-2010)

No comments:

Post a Comment