ਸੀਮਾ ਦੀਦੀ ਦੇ 11 november ਦੇ facebook status ਤੇ ਇੱਕ ਟੱਪਾ ਪੜ੍ਹਿਆ..ਗਾਕੇ ਵੇਖਿਆ ਬੜਾ ਮਜ਼ਾ ਆਇਆ..
ਅਸੀਂ ਸੋਚਿਆ ਕਿਓਂ ਨਾ ਇਸ ਤਰਾਂ ਹੋਰ ਟੱਪੇ ਲਿਖੇ ਜਾਣ...
ਸੋ ਪੇਸ਼ ਹੈ ਓਹੀ ਮੋਹ ਭਿੱਜੀ ਟੱਪਿਆਂ ਦੀ ਲੜੀ..
ਕੀ ਲੈਣਾ ਏ ਖਾਬਾਂ ਤੋਂ..
ਸਾਲ ਕਈ ਲੰਘ ਨੇ ਗਏ
ਜਿੰਦ ਛੁੱਟੀ ਨਾ ਆਜ਼ਾਬਾਂ ਤੋਂ..(SG)
ਭਰ ਨੈਣਾਂ ਵਿੱਚ ਖ਼ਾਬ ਅੜੀਏ..
ਇੱਕ ਦਿਨ ਮਹਿਕਣਗੇ
ਸਾਡੇ ਲੇਖਾਂ ਦੇ ਬਾਗ ਅੜੀਏ..(HRMN)
ਰਾਤੀਂ ਚੰਨ ਜਦੋਂ ਚੜ੍ਹਦਾ ਸੀ..
ਕਾਹਦੀ ਮੈਨੂੰ ਈਦ ਸਖੀਓ
ਮੇਰਾ ਚੰਨ ਪਿਆ ਲੜਦਾ ਸੀ..(HRMN)
ਖੌਰੇ ਕਦ ਚੰਨ ਚੜ੍ਹਿਆ
ਮੱਸਿਆ ਤਾਂ ਬੀਤੀ ਨਾ
ਰੋਂਦੇ ਪੁੰਨਿਆ ਨੂੰ ਲੇਖ ਅੜਿਆ..(SG)
ਕਾਲੀ ਪੂਰਨਮਾਸ਼ੀ ਏ..
ਸਾਰਾ ਦਿਨ ਦਿਲ ਰੋਂਦਾ
ਭਾਂਵੇ ਬੁੱਲ੍ਹੀਆਂ 'ਤੇ ਹਾਸੀ ਏ..(HRMN)
ਨੈਣ ਬਾਰਿਸ਼ਾਂ ਨੂੰ ਕੱਜਦੇ ਨੇ..
ਸਾਉਣ ਖੌਰੇ ਕਿੱਥੇ ਬਰਸੇ
ਲੇਖੀਂ ਬੱਦਲ ਪਏ ਗੱਜਦੇ ਨੇ..(SG)
ਰੋ ਰੋ ਦੀਦੇ ਨਾ ਰੱਜਦੇ ਨੇ..
ਲੋਕੀਂ ਕਹਿੰਦੇ ਅੱਖੀਆਂ ਉੱਤੇ
ਤੇਰੇ ਹੰਝੂ ਬੜੇ ਸੱਜਦੇ ਨੇ..(HRMN)
ਢੋਲਾ ਹੱਸ ਨਾ ਬੁਲਾਇਆ ਕਦੀ..
ਮੁੱਠੀ ਵਿਚੋਂ ਰੇਤ ਫਿਸਲੀ
ਵਹਿ ਗਈ ਉਮਰਾ ਵੀ ਬਣਕੇ ਨਦੀ..(SG)
ਵਹਿ ਗਈ ਉਮਰਾ ਵੀ ਬਣਕੇ ਨਦੀ..
ਨਦੀ ਵਾਲੇ ਪਾਣੀਆਂ ਵਿਚੋਂ
ਤੇਰਾ ਸਾਇਆ ਨਾ ਦਿਖਿਆ ਕਦੀ..(HRMN)
ਪਾਣੀ ਜਿੰਦ ਜਾਨ ਲਾਕੇ ਵੀ..
ਦੁੱਧਾਂ ਦੇ ਨਾ ਸਾਨੀ ਬਣੇ
ਸਾਰਾ ਆਪਾ ਗਵਾ ਕੇ ਵੀ..(SG)
ਪਾਣੀ ਦੁੱਧ ਵਿੱਚ ਵੱਸਦਾ ਏ..
ਤਾਂ ਹੀ ਤਾਂ ਸਹੇਲੜੀਏ
ਚਿੱਟਾ ਚਿੱਟਾ ਦੁੱਧ ਹੱਸਦਾ ਏ..(HRMN)
ਮੈਨੂੰ ਦੁੱਧਾਂ ਦਾ ਫਿਕਰ ਖਾਵੇ..
ਨਸ਼ਿਆਂ ਦਾ ਦੈਂਤ ਚੰਦਰਾ
ਦੁੱਧਾਂ ਪੁੱਤਰਾਂ ਨੂੰ ਖਾਈ ਜਾਵੇ..(SG)
ਦੁੱਧਾਂ ਵਿੱਚ ਤਾਂ ਮਿਲਾਵਟਾਂ ਨੇ..
ਪੁੱਤਰ ਵੀ ਖੋਖਲੇ ਹੋਏ
ਬੱਸ ਉੱਪਰੋਂ ਸਜਾਵਟਾਂ ਨੇ..(HRMN)
ਲਿਆ ਸੱਜ ਸੱਜ ਵੇਖ ਅੜਿਆ..
ਰੰਗ ਰੰਗ ਹੱਥ ਵੇਖੇ
ਰੰਗ ਮਹਿੰਦੀ ਦਾ ਨਾ ਚੜ੍ਹਿਆ..(SG)
ਰੀਝਾਂ ਲੁੱਟੀਆਂ ਨੇ ਭੈੜਿਆਂ ਦਿਨਾਂ..
ਹਿਜਰਾਂ ਦਾ ਰੰਗ ਘੁਲ'ਜੇ
ਓਹੋ ਤਲੀਆਂ ਨੂੰ ਸਾੜਦੀ ਹਿਨਾ..(HRMN)
ਰੀਝਾਂ ਮੂੰਹਾਂ ਨੂੰ ਚਿੜ੍ਹਾਉਂਦੀਆਂ ਨੇ..
ਥਲਾਂ ਦਿਆਂ ਵਾਸੀਆਂ ਨੂੰ
ਹਰਿਆਲੀਆਂ ਨਾ ਭਾਉਂਦੀਆਂ ਨੇ..(SG)
ਇੱਕ ਇੱਕ ਰੀਝ ਧੁਖਦੀ ਪਈ..
ਸਮਿਆਂ ਕੀ ਖੇਡ ਰਚੀ
ਜਿੰਦ ਪਲ ਪਲ ਮੁੱਕਦੀ ਪਈ..(HRMN)
ਮੇਰੇ ਦਿਲ ਨੂੰ ਪਿਆ ਡੰਗਦਾ..
ਇੱਕ ਕਾਲਾ ਕਾਲਾ ਸੁਰਮਾ
ਇੱਕ ਸੂਟ ਫਿਰੋਜ਼ੀ ਰੰਗ ਦਾ..(HRMN)
ਇਹ ਸੂਟ ਫਿਰੋਜ਼ੀ ਰੰਗ ਦਾ..
ਆਸ਼ਿਕਾਂ ਨੂੰ ਮਾਰੇ ਸੈਨਤਾਂ
ਕੋਲੋਂ ਦੇਕੇ ਸੁਨੇਹੇ ਲੰਘਦਾ..(SG)
ਮੈਨੂੰ ਸੂਲੀ ਉੱਤੇ ਟੰਗਿਆ ਏ
ਜੜਾਂ 'ਚ ਸੰਧੂਰ ਭੁੱਕ ਕੇ
ਤੈਨੂੰ ਪਿੱਪਲਾਂ ਤੋਂ ਮੰਗਿਆ ਏ..(HRMN)
ਪੀਂਘਾਂ ਪਿੱਪਲਾਂ 'ਤੇ ਲਮਕਦੀਆਂ..
ਦਿਲ ਭੈੜਾ ਰੋ ਲੈਂਦਾ
ਨੈਣੀਂ ਲੋਚਾਂ ਜਦੋਂ ਚਮਕਦੀਆਂ..(SG)
ਕੋਠੇ ਚੜ੍ਹ ਗਾਉਂਦਾ ਹਾਂ..
ਨੀਂ ਜਦੋਂ ਤੇਰੀ ਯਾਦ ਆਉਂਦੀ
'ਕੱਲਾ ਰੋਹੀਆਂ 'ਚ ਭੌਂਦਾ ਹਾਂ..(HRMN)
ਰੋਹੀਆਂ ਦੇ ਰੁੱਖ ਥੱਲੇ..
ਰੂਹ ਮੇਰੀ ਦੱਬੀ ਵੇ ਗਈ..
ਰੋਂਦੇ ਚਾਅ ਹੋ ਹੋ ਝੱਲੇ..(SG)
ਭੈੜੇ ਲੋਕੀ ਕਨਸੋਅ ਲੈਂਦੇ..
ਜਦੋਂ ਤੇਰੀ ਗੱਲ ਛਿੜਦੀ
ਫੁੱਲ ਕਿੱਕਰਾਂ ਦੇ ਰੋ ਪੈਂਦੇ..(HRMN)
ਕਿੱਕਰਾ ਦੇ ਕੰਡਿਆਂ 'ਚੋਂ..
ਤੁਪਕੇ ਲਹੂ ਦੇ ਕਿਰਦੇ
ਸਮੇਂ ਚੰਗੇ ਵੀ ਤੇ ਮੰਦਿਆਂ ਚੋਂ..(SG)
ਆਜੂ ਘਟਾ ਚੜ੍ਹ ਮੀਂਹੇ ਦੀ..
ਖਿੜ ਖਿੜ ਹੱਸ ਕੁੜੀਏ
ਕੀ ਲੋੜ ਪਪੀਹੇ ਦੀ...(HRMN)
ਪਪੀਹੇ ਲੱਖਾਂ ਵਾਰ ਆਏ ਤੇ ਗਏ..
ਜਿੰਦ ਸਿੱਲ੍ਹੀ ਹੋਣਾ ਲੋਚਦੀ
ਲੇਖੀਂ ਰੀਝਾਂ ਦੇ ਮੀਂਹ ਨਾ ਪਏ..(SG)
ਤੈਨੂੰ ਹੱਸਣਾ ਸਿਖਾਵਾਂਗਾ..
ਤੇਰੇ 'ਨੇਹਰੇ ਰਾਵਾਂ ਵਿੱਚ ਮੈਂ
ਇੱਕ ਚਿਣਗ ਜਗਾਵਾਂਗਾ..(HRMN)
ਚਿਣਗਾਂ ਤੋਂ ਕੀ ਖੱਟਿਆ..
ਹਿੱਕ ਵਿੱਚ ਸੇਕ ਮਘਦੇ
ਅਸਾਂ ਭਖ ਭਖ ਕੀ ਵੱਟਿਆ..(SG)
ਇਹ ਸੇਕ ਤੈਨੂੰ ਠਾਰ ਦੇਊ..
ਗੁੰਮੇ ਹੋਏ ਹਾਸਿਆਂ ਨੂੰ
ਤੇਰੇ ਬੁੱਲ੍ਹਾਂ 'ਤੇ ਉਤਾਰ ਦੇਊ..(HRMN)
ਦਾਗ ਹਿਜਰਾਂ ਦੇ ਧੋਂਦਿਆਂ ਦੀ..
ਗੱਲ ਸਾਡੀ ਇੱਕ ਨਾ ਹੋਈ
ਰਾਤ ਲੰਘ ਗਈ ਰੋਂਦਿਆਂ ਦੀ..(HRMN)
ਰਾਤੀਂ ਮਿੰਨਤਾਂ ਮੈਂ ਕਰਦੀ ਰਹੀ..
ਸੁਪਨੇ 'ਚ ਤੂੰ ਮਿਲਿਆ
ਪਾਣੀ ਤੇਰਾ ਹੀ ਭਰਦੀ ਰਹੀ..(SG)
ਪਾਣੀ ਮੇਰਾ ਹੀ ਭਰਦੀ ਰਹੀ..
ਕਦਮਾਂ 'ਚ ਸਿਰ ਰੱਖ ਲਾਂ
ਰੀਝ ਮੇਰੀ ਵੀ ਤਾਂ ਕਰਦੀ ਰਹੀ..(HRMN)
ਕਦਮਾਂ ਨੇ ਤੁਰ ਜਾਣਾ..
ਸਮਿਆਂ ਦੀ ਮਾਰ ਬੁਰੀ
ਯਾਰਾ ਰੱਬ ਦਾ ਤੂੰ ਮੰਨ ਭਾਣਾ..(SG)
ਕੀ ਕੀ ਮੰਨ ਲਵਾਂ ਦੱਸ ਭਾਣਾ..
ਹਰ ਥਾਂਵੇ ਲੋਕ ਭੰਡਦੇ
ਕਿੱਥੇ ਲਿਖਿਆ ਏ ਅੰਨ-ਦਾਣਾ..(HRMN)
ਅੰਨ-ਦਾਣੇ ਦਾ ਹੀ ਖੇਡ ਸਾਰਾ..
ਵਿਸ਼ ਬਣ ਮਿਲੀ ਜਿੰਦੜੀ
ਤੁਰੀ ਜਾਂਵਦੀ ਸਾਵਾਂ ਦੀ ਧਾਰਾ..(SG)
ਆਜਾ ਹੱਥ ਫੜ ਮੇਰਾ ਨੀਂ..
ਇੱਥੋਂ ਆਪਾਂ ਉੱਠ ਚੱਲੀਏ
ਇੱਥੇ 'ਨ੍ਹੇਰਾ ਹੀ ਨ੍ਹੇਰਾ ਨੀਂ..(HRMN)
ਬਣ 'ਨ੍ਹੇਰਿਆਂ 'ਚ ਜੁਗਨੂੰ ਮਿਲਾਂ..
ਸਿੰਜੀਂ ਬਣ ਮਾਲੀ ਵੇ
ਵਾਂਗ ਸੱਜਰੇ ਮੈਂ ਫੁੱਲ ਦੇ ਖਿੜਾਂ..(SG)
ਤੂੰ ਤਾਂ ਫੁੱਲ ਕੋਈ ਚਮੇਲੀ ਦਾ..
ਤੂੰ ਹੀ ਤਾਂ ਜਵਾਬ ਅੜੀਏ
ਮੇਰੀ ਸੱਜਰੀ ਪਹੇਲੀ ਦਾ..(HRMN)
ਕੋਈ ਬੁੱਝੇ ਤਾਂ ਪਹੇਲੀ ਵੇ..
ਵਾਂਗ ਤੰਦਾਂ ਟੁੱਟ ਜਾਂਦੇ
ਗੁੱਝੇ ਹੁੰਦੇ ਜੋ ਹਾਣ ਬੜੇ..(SG)
ਅੱਗ ਸੀਨੇ ਵਿੱਚ ਲਾਈ ਹੋਈ ਏ..
ਦੁਨਿਆ ਦੇ ਨਾਲੋਂ ਵੱਖਰੀ
ਅਸਾਂ ਦੁਨੀਆ ਰਚਾਈ ਹੋਈ ਏ..(HRMN)
ਇੱਥੇ ਲਫਜ਼ਾਂ ਦੇ ਫੁੱਲ ਖਿੜਦੇ..
ਅੱਡਰੀ 'ਜੀ ਦੁਨੀਆ ਅੰਦਰ
ਨਿੱਤ ਗੀਤਾਂ ਦੇ ਚੰਨ ਚੜ੍ਹਦੇ..(SG)
ਇੱਥੇ ਲਫਜ਼ਾਂ ਦੇ ਫੁੱਲ ਖਿੜਦੇ..
ਅੱਧੀ ਅੱਧੀ ਰਾਤ ਤਾਈਂ
ਬੂਹੇ ਨੈਣਾਂ ਦੇ ਨਾ ਭਿੜਦੇ..(HRMN)
ਨੈਣੀਂ ਨੀਂਦਾਂ ਰੜਕਦੀਆਂ..
ਅੱਧੀ ਅੱਧੀ ਰਾਤੀਂ ਚੰਨ ਵੇ
ਇਹ ਝਿੰਮਣਾਂ ਫੜਕਦੀਆਂ..(SG)
ਜਾਦੂ ਜਿਹੀਆਂ ਇਹ ਅਦਾਵਾਂ ਨੇ..
ਕਈ ਇਥੇ ਕਤਲ ਹੋਏ
ਜਦ ਡੰਗਿਆ ਹਵਾਵਾਂ ਨੇ..(SG)
ਫਿਰ ਡਾਢਾ ਸ਼ਰਮਾਂਵਦੀਆਂ..
ਸਭ ਡੰਗ ਭੁੱਲ ਜਾਂਦੀਆਂ
ਜਦੋਂ ਤੇਰੇ ਮੂਹਰੇ ਆਂਵਦੀਆਂ..(HRMN)
ਨਜ਼ਰਾਂ ਦੇ ਸਦਕੇ ਜਾਵਾਂ..
ਤੈਨੂੰ ਮੈਂ ਹੂਰ ਦਿਸਦੀ
ਮੇਰੇ ਸੁਪਨੇ ਦਾ ਤੂੰ ਸਿਰਨਾਵਾਂ..(SG)
ਸੱਚੀਂ ਕੁੜੀਏ ਤੂੰ ਹੂਰ ਦਿਸਦੀ..
ਕਦੇ ਕਦੇ ਨੇੜੇ ਆ ਜਾਵੇਂ
ਕਦੇ ਕਦੇ ਬੜੀ ਦੂਰ ਦਿਸਦੀ..(HRMN)
ਦੂਰੀ ਨਜ਼ਰਾਂ ਦਾ ਧੋਖਾ ਏ..
ਸੋਹਣੇ ਏਸ ਰੂਪ ਦੇ ਉੱਤੇ
ਰੰਗ ਤੇਰਾ ਹੀ ਚੋਖਾ ਏ..(SG)
ਮੇਰੀ ਹਿੱਕੜੀ ਨੂੰ ਡੰਗ ਗਈ ਏਂ..
ਨੀਂ ਲੰਮੇ ਲੰਮੇ ਖ਼ਤ ਲਿਖਦੀ
ਅੱਜ ਮਿਲੀ ਏਂ ਤੇ ਸੰਗ ਗਈ ਏਂ..(HRMN)
ਸੰਗ ਅਦਾ ਏ ਪਿਆਰਿਆਂ ਦੀ..
ਪਲਕਾਂ ਨੂੰ ਜਦੋਂ ਚੁੱਕਾਂਗੀ
ਰੁੱਤ ਖਿੜੂਗੀ ਬਹਾਰਾਂ ਦੀ..(SG)
ਓਸੇ ਰੁੱਤ ਦਾ ਸ਼ੈਦਾਈ ਹਾਂ..
ਨੀਂ ਜੇਹੜੇ ਰਾਹੇ ਤੂੰ ਫਿਰਦੀ
ਮੈਂ ਵੀ ਓਥੋਂ ਦਾ ਰਾਹੀ ਹਾਂ..(HRMN)
ਰਾਹਾਂ ਸੂਲੀ ਉੱਤੇ ਟੰਗਣਗੀਆਂ..
ਫੇਰ ਸਾਡੀ ਵਫ਼ਾ ਦੇ ਕੋਲੋਂ
ਘੜੀਆਂ ਮਾਫੀ ਮੰਗਣਗੀਆਂ..(SG)
ਸੂਲੀ ਉੱਤੇ ਚੜ੍ਹ ਜਾਣਾ ਏ..
ਨੀਂ ਹੁਸਨਾਂ ਦੇ ਆਸ਼ਕ ਹਾਂ
ਛੇਤੀ ਮਰ ਮੁੱਕ ਜਾਣਾ ਏ..(HRMN)
ਗੱਲ ਕਰੀਂ ਨਾ ਵੇ ਮੁੱਕ ਜਾਣ ਦੀ..
ਜੋਬਨੇ ਨੂੰ ਮਾਣ ਰੱਜ ਕੇ
ਹੋਵੇ ਉਮਰਾ ਵੇ ਬੋਹੜ ਹਾਣ ਦੀ..(SG)
ਚਿੜੀ ਉੱਡ ਗਈ ਬਨੇਰੇ ਤੋਂ..
ਤੇਰੇ ਉੱਤੇ ਗੱਲ ਮੁੱਕਦੀ
ਸ਼ੁਰੂ ਹੋਕੇ ਤੇਰੇ ਤੋਂ..(HRMN)
ਅੰਜਾਮ ਦੱਸ ਕੀਹਨੇ ਵੇਖਿਆ..
ਜਦੋਂ ਏਸ ਰਾਹੇ ਤੁਰੇ
ਤੇਰੇ ਕਦਮੀਂ ਸਿਰ ਰਖਿਆ..(SG)
ਤੇਰੇ ਕਦਮਾਂ 'ਚ ਵੱਸਣਾ ਏ..
ਹੰਝੂ ਤੇਰੇ ਦੁੱਖ ਦਿੰਦੇ
ਤੇਰੇ ਹਾਸਿਆਂ 'ਚ ਹੱਸਣਾ ਏ..(HRMN)
ਮੇਰੇ ਹਾਸੇ ਤੇਰੇ ਨਾਲ ਹੀ ਨੇ..
ਤੇਰੇ ਇਹ ਰੋਮਾਨੀ ਫਿਕਰੇ
ਹਾਏ ਢੋਲਾ ਵੇ ਕਮਾਲ ਹੀ ਨੇ..(SG)
ਸਾਰਾ ਤੇਰਾ ਹੀ ਕਮਾਲ ਅੜੀਏ..
ਗੀਤਾਂ ਵਿੱਚ ਰੰਗ ਭਰਦਾ
ਤੇਰਾ ਕੱਢਿਆ ਰੁਮਾਲ ਅੜੀਏ..(HRMN)
ਬੂਟੀ ਬੂਟੀ ਤੇਰਾ ਨਾਂ ਜੱਪਦੀ..
ਕੱਢੇ ਹੋਏ ਰੁਮਾਲ ਦੇ ਉੱਤੇ
ਫੁੱਲ ਬਣ ਤੇਰੀ ਰੂਹ ਜਚਦੀ..(SG)
ਜਦੋਂ ਬੂਟੀਆਂ ਤੋਂ ਪਾਉਂਦੀ ਸੀ..
ਕਹਿੰਦੀਆਂ ਸਹੇਲੜੀਆਂ ਕਿ
ਤੂੰ ਗੀਤ ਮੇਰੇ ਗਾਉਂਦੀ ਸੀ..(HRMN)
ਤੇਰੇ ਗੀਤਾਂ ਵਿੱਚ ਮੈਂ ਢਲਦੀ..
ਸੇਕ ਮੇਰੇ ਸੀਨੇ ਲਗਦਾ
ਤੇਰੇ ਸ਼ਬਦਾਂ 'ਚ ਅੱਗ ਬਲਦੀ..(SG)
ਨੀਂ ਤੂੰ ਸੂਰਜਾਂ ਦੀ ਹਾਨਣ ਏ..
ਨੀਂ ਜੇਹੜਾ ਗੀਤਾਂ ਵਿੱਚ ਡ੍ਲ੍ਹ੍ਕੇ
ਓਹ ਤੇਰਾ ਹੀ ਚਾਨਣ ਏ..(HRMN)
ਮੈਨੂੰ ਸੂਰਜਾਂ ਦੀ ਲੋੜ ਕੋਈ ਨਾ..
ਚੰਨ ਮੇਰਾ ਅੱਖੀਆਂ 'ਚ ਏ
ਕਿਸੇ ਸ਼ੈਅ ਦੀ ਹਾਏ ਥੋੜ ਕੋਈ ਨਾ..(SG)
ਆਜੂ ਬਿੰਦ 'ਚ ਆਰਾਮ ਚੰਨ ਵੇ
ਆ ਦੇਵਾਂ ਤੈਨੂੰ ਅੰਬ-ਹਲਦੀ
ਭੈੜਾ ਲੱਗਿਆ ਜ਼ੁਕਾਮ ਚੰਨ ਵੇ..(HRMN)
ਬਣਾ ਵੱਟਣਾ ਮੈਂ ਹਲਦੀ ਮਲਾਂ..
ਲਾਲੀ ਭਿੱਜੇ ਆਉਣ ਸੁਪਨੇ
ਤੇਰੇ ਦੱਸੇ ਹੋਏ ਰਾਹ 'ਤੇ ਚੱਲਾਂ..(SG)
ਨੀਲੇ ਨੈਣਾਂ ਦੀ ਉਦਾਸੀ ਦਾ..
ਝੱਲੀਏ ਮੈਂ ਆਸ਼ਕ ਹਾਣ
ਲਾਲ ਬੁੱਲ੍ਹੀਆਂ ਦੀ ਹਾਸੀ ਦਾ..(HRMN)
ਆਸ਼ਕਾ ਵੇ ਯਾਦ ਰੱਖੀਂ..
ਨੀਲੇ ਨੀਲੇ ਨੈਣੀਂ ਵੱਸਦਾ
ਇਹਨਾਂ ਨਜ਼ਰਾਂ 'ਚੋਂ ਜੱਗ ਤੱਕੀਂ..(SG)
ਜਦੋਂ ਤੱਕਿਆ ਮੈਂ ਨਜ਼ਰਾਂ ਨੂੰ..
ਹਾਏ ਨਜ਼ਰਾਂ ਖਲੋ ਗਈਆਂ
ਲੱਗੇ ਨਜ਼ਰ ਨਾ ਨਜ਼ਰਾਂ ਨੂੰ..(HRMN)
ਮਾਰੇ ਠੋਕਰ ਕਮਾਈਆਂ ਨੂੰ..
ਇਸ਼ਕੇ ਦਾ ਹਰਫ਼ ਇੱਕੋ
ਦੇਵੇ ਮਾਤ ਪੜ੍ਹਾਈਆਂ ਨੂੰ..(HRMN)
ਹਰਫਾਂ ਵਿੱਚ ਜਾਨ ਪਾ ਦੇ..
ਸੋਹਣੀਆਂ ਪੜ੍ਹਾਈਆਂ ਵਾਲਿਆ
ਇਸ਼ਕੇ 'ਚ ਇਮਾਨ ਕਾਹਦੇ..(SG)
ਦੀਵਾ ਬਲਦਾ ਏ ਹੱਟੜੀ 'ਤੇ..
ਇਸ਼ਕੇ ਨੇ ਡੰਗ ਮਾਰਿਆ
ਹੋਸ਼ ਉੱਡ ਗਏ ਤੱਤੜੀ ਦੇ..(HRMN)
ਮੋਏ ਇਸ਼ਕੇ 'ਚ ਜਾਨ ਪਾਵਾਂ..
ਹੋਸ਼ਾਂ ਦਾ ਦੱਸ ਕੀ ਬਣੂ
ਜੇ ਤੇਰੇ ਨੈਣਾਂ ਨੂੰ ਚੁੰਮ ਜਾਵਾਂ..(SG)
ਤੇਰੇ ਕਦਮਾਂ 'ਚ ਮਰਨਾ ਏ..
ਨੀਂ ਸ਼ਗਨਾਂ ਦੇ ਸੂਟ ਰੰਗੀਏ
ਪਾਣੀ ਤੇਰਾ ਹੀ ਭਰਨਾ ਏ..(HRMN)
ਪਾਣੀ ਵਿੱਚ ਤੂੰ ਗੁਲਾਲ ਘੋਲਦੀਂ..
ਮਾਰੇ ਮੈਨੂੰ 'ਵਾਜ਼ ਕੋਈ
ਮੇਰੀ ਹਾਜ਼ਰੀ ਵੇ ਤੂੰ ਬੋਲਦੀਂ..(SG)
ਕੋਈ ਟਾਂਗੇ ਵਾਲਾ ਗਾਉਂਦਾ ਏ
ਹਾਏ ਕੁੜੀਏ ਨੀਂ ਧੁੱਪ ਰੰਗੀਏ
ਤੇਰਾ ਮੋਹ ਬੜਾ ਆਉਂਦਾ ਏ...(HRMN)
ਧੁੱਪ ਤਾਂ ਜੀ ਚੜ੍ਹਦੀ ਏ ਜਵਾਨੀ
ਮੋਹ ਤੇਰਾ ਘਟ ਜਾਓਗਾ
ਚਾਂਦੀ ਵਾਲੀੰ ਜਦ ਢਲ ਜਾਣੀ..(SG)
ਤੇਰਾ ਕੱਜਲਾ ਰਹੂ ਠੱਗਦਾ..
ਦਿਲਾਂ ਦੀਆਂ ਦੇਹਲੀਆਂ 'ਤੇ
ਦੀਵਾ ਇਸ਼ਕੇ ਦਾ ਰਹੂ ਜੱਗਦਾ..(HRMN)
Very interesting and well written !
ReplyDelete