Friday, November 19, 2010

ਇੱਕ ਕੁੜੀ ਸੀ ਮੇਰੀ ਮਾਂ ਵਰਗੀ...

ਇੱਕ ਕੁੜੀ ਸੀ ਮੇਰੀ ਮਾਂ ਵਰਗੀ 
ਬੱਸ ਮੇਰੀ ਖਾਤਿਰ ਜਿਓਂਦੀ ਸੀ..
ਓਹ ਮੇਰੇ ਉੱਧੜੇ ਸਾਹਾਂ ਨੂੰ
ਸਾਹ ਰੋਕ ਰੋਕ ਕੇ ਸਿਓਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਪਰੀਆਂ ਦੀ ਅੱਖ ਦਾ ਪਾਣੀ ਸੀ 
ਪਾਣੀ ਨੂੰ ਲੱਗੀ ਅੱਗ ਵਰਗੀ..
ਪੌਣਾਂ ਵਿੱਚ ਉਡਦੀ ਚੁੰਨੀ ਸੀ 
ਚੁੰਨੀ ਸੰਗ ਫੱਬਦੀ ਪੱਗ ਵਰਗੀ..
ਓਹਦੇ ਮੱਥੇ ਸੂਰਜ ਦਗਦਾ ਸੀ 
ਓਹ ਚੰਨ ਦਾ ਕੋਕਾ ਪਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਸਾਰਾ ਦਿਨ ਮੇਰੇ ਗੀਤਾਂ ਨੂੰ 
ਲਿਖਦੀ ਤੇ ਪੜ੍ਹਦੀ ਰਹਿੰਦੀ ਸੀ..
ਓਹ ਮੇਰੇ ਵਰਗੀ ਹੋ ਗਈ ਸੀ 
ਹਰਫ਼ਾਂ ਸੰਗ ਉਠਦੀ ਬਹਿੰਦੀ ਸੀ..
ਪੱਤਿਆਂ 'ਤੇ ਮੇਰਾ ਨਾਂ ਲਿਖਦੀ 
ਲਿਖ-ਲਿਖ ਕੇ ਫੇਰ ਮਿਟਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ.. 

ਮੈਂ ਸਾਂ ਬੱਸ ਓਹਦਾ ਜੱਗ ਜਹਾਂ 
ਤੇ ਓਹ ਮੇਰੀ ਕਮਜ਼ੋਰੀ ਸੀ.. 
ਓਹਦੇ ਥਾਣੀਂ ਕੀ ਨਾ ਤੱਕਿਆ 
ਓਹ ਅਜਬ ਜਿਹੀ ਇੱਕ ਮੋਰੀ ਸੀ.. 
ਮੈਂ ਥੱਕ ਟੁੱਟ ਕੇ ਜਦ ਡਿੱਗ ਪੈਂਦਾ 
ਓਹ ਚੂੜੀਆਂ ਨੂੰ ਛਣਕਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਦਿਨ ਚੜ੍ਹਦਿਆਂ ਮੇਰਾ ਮੁੱਖ ਚੁੰਮਦੀ
ਮੈਨੂੰ ਧਾਅ ਗਲਵੱਕੜੀ ਪਾ ਲੈਂਦੀ..
ਓਹ ਸਿਖਰ ਦੁਪਹਿਰੇ ਚੁੱਪ ਰਹਿੰਦੀ
ਸ਼ਾਮੀਂ ਰੋ ਰੋ ਦੁੱਖ ਲਾਹ ਲੈਂਦੀ.. 
ਕਬਰਾਂ ਵਿੱਚ ਹਲਚਲ ਹੋ ਜਾਂਦੀ 
ਰਾਤੀਂ ਜਦ ਗੀਤ ਸੁਣਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਕੋਠੇ ਚੜ੍ਹ ਤਾਰਿਆਂ ਨੂੰ ਕਹਿੰਦੀ 
ਮੈਂ ਚੰਨ ਦੇ ਕੋਲੇ ਰਹਿਣਾ ਏ.. 
ਓਹਦੇ ਸੰਗ ਹੱਸਣਾ ਰੋਣਾ ਏ
ਰਾਤਾਂ ਨੂੰ ਸਿਰ੍ਹਾਣੇ ਬਹਿਣਾ ਏ.. 
ਓਹ ਸਭ ਗੱਲਾਂ ਨੂੰ ਜਾਣਦਿਆਂ
ਬੱਸ ਝੂਠੀਆਂ ਆਸਾਂ ਲਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਚੰਨ ਦੀ ਲੋਅ ਵਰਗੇ ਰਿਸ਼ਤੇ ਨੂੰ 
ਜੱਗ ਭੰਡ ਰਿਹਾ ਤੇ ਭੰਡੇਗਾ..
ਮੇਰੇ ਸਾਹਾਂ ਤੇ ਓਹਦੀ ਮਹਿਕਰ ਨੂੰ
ਕੋਈ ਕੀਕਰ ਆਣਕੇ ਵੰਡੇਗਾ..
ਮੈਂ ਰੰਗਾਂ ਵਿੱਚ ਭਿੱਜ ਜਾਂਦਾ ਸੀ
ਜਦ ਕਮਲਾ ਆਖ ਬੁਲਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ.. 

ਜਾਂਦੀ ਹੋਈ ਮੈਨੂੰ ਕਹਿ ਗਈ ਸੀ 
ਮੈਂ ਮੁੜਕੇ ਵਾਪਿਸ ਆਉਣਾ ਨਾ..
ਤੂੰ ਤੋੜਕੇ ਫੁੱਲ ਚਮੇਲੀ ਦਾ 
ਮੇਰੇ ਵਾਲਾਂ ਵਿੱਚ ਸਜਾਉਣਾ ਨਾ..
ਮੈਂ ਪੌਣਾਂ ਵਿੱਚ ਖਿੰਡ ਜਾਣਾ ਏ 
ਮੂੰਹੋਂ ਵਾਰ ਵਾਰ ਦੁਹਰਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਇੱਕ ਕੁੜੀ ਸੀ ਮੇਰੀ ਮਾਂ ਵਰਗੀ 
ਬੱਸ ਮੇਰੀ ਖਾਤਿਰ ਜਿਓਂਦੀ ਸੀ..
ਓਹ ਮੇਰੇ ਉੱਧੜੇ ਸਾਹਾਂ ਨੂੰ
ਸਾਹ ਰੋਕ ਰੋਕ ਕੇ ਸਿਓਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..



harman.... 

No comments:

Post a Comment